ਜਲੰਧਰ: ਸੁਲਤਾਨਪੁਰ ਲੋਧੀ ਦੇ ਸਦਰ ਬਾਜ਼ਾਰ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਹਥਿਆਰਬੰਦ ਹਮਲਾਵਰਾਂ ਨੇ ਇਕ ਨੌਜਵਾਨ ਮੁੰਡੇ ’ਤੇ ਸ਼ਰੇਆਮ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਜ਼ੇਰੇ ਇਲਾਜ ਅਵਿਨਾਸ਼ ਭੱਟੀ ਨੇ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਸਦਰ ਬਾਜ਼ਾਰ ਵਿਚ ਸਾਮਾਨ ਲੈਣ ਗਿਆ ਸੀ। ਜਦੋਂ ਉਹ ਸਦਰ ਬਾਜ਼ਾਰ ਸਥਿਤ ਕਰਿਆਨੇ ਦੀ ਦੁਕਾਨ ਤੋਂ ਬਾਹਰ ਨਿਕਲਿਆ ਤਾਂ 8-10 ਨੌਜਵਾਨ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਸਾਡੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਮੁਸ਼ਕਿਲ ਨਾਲ ਬਚੀ ਜਾਨ:ਪੀੜਤ ਨੇ ਦੱਸਿਆ ਕਿ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਮੇਰੇ ਨਾਲ ਮੇਰਾ ਭਰਾ ਅਕਾਸ਼ਦੀਪ ਭੱਟੀ ਵੀ ਮੌਜੂਦ ਸੀ, ਜਿਸ ਨੇ ਦੁਕਾਨ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਨੇ ਸਾਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਨੌਜਵਾਨਾਂ ਨੇ ਮੇਰੇ ਚਾਚੇ ਦੇ ਲੜਕੇ ’ਤੇ ਹਮਲਾ ਕੀਤਾ ਸੀ ਪਰ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦਈਏ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।