ਜਲੰਧਰ: ਜਲੰਧਰ ਦੇ ਕਸਬਾ ਫਿਲੌਰ ਦੇ ਨਜ਼ਦੀਕੀ ਪਿੰਡ ਦੁਸਾਂਝ ਕਲਾਂ ਵਿਖੇ ਇਕ ਦੁਕਾਨਦਾਰ 'ਤੇ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਵੱਲੋਂ ਹਮਲਾਵਰਾਂ ਤੇ ਕੋਈ ਕਾਰਵਾਈ ਨਾ ਕਰਨ ਦੇ ਚਲਦਿਆਂ ਦੁਕਾਨਦਾਰਾਂ ਵੱਲੋਂ ਦੁਸਾਂਝ ਕਲਾਂ ਪੁਲਿਸ ਚੌਂਕੀ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਸੋਨੂੰ ਬੱਗਾ ਨੇ ਕਿਹਾ ਕਿ ਸ਼ਾਮ ਦੇ ਵੇਲੇ ਬੱਸ ਸਟੈਂਡ ਤੋਂ ਚੌਹਾਨ ਬੱਸ ਵਿੱਚੋਂ ਇੱਕ ਨੌਜਵਾਨ ਲੜਕੀ ਦਾ ਮੋਬਾਇਲ ਖੋਹ ਕੇ ਭੱਜ ਰਿਹਾ ਸੀ। ਜਿਸਦਾ ਰੌਲਾ ਸੁਣ ਕੇ ਉਸ ਨੇ ਉਸ ਨੌਜਵਾਨ ਨੂੰ ਫੜ ਲਿਆ ਅਤੇ ਉਸ ਨੌਜਵਾਨ ਤੋਂ ਮੋਬਾਈਲ ਖੋਹ ਕੇ ਲੜਕੀ ਨੂੰ ਵਾਪਸ ਕਰ ਦਿੱਤਾ।
ਜਿਸ ਤੋਂ ਬਾਅਦ ਉਹ ਨੌਜਵਾਨ ਆਪਣੇ ਨਾਲ 10 ਦੇ ਕਰੀਬ ਸਾਥੀਆਂ ਨੂੰ ਲੈ ਕੇ ਆ ਗਿਆ ਅਤੇ ਉਸ ਉੱਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੁਕਾਨਦਾਰ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੁਸਾਂਝ ਕਲਾਂ ਪੁਲਿਸ ਚੌਂਕੀ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਅਗਲੇ ਦਿਨ ਦੀ ਸਵੇਰ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੁਸਾਂਝ ਕਲਾਂ ਦੇ ਪੁਲਿਸ ਚੌਂਕੀ ਦੇ ਖਿਲਾਫ਼ ਮਜ਼ਬੂਰ ਹੋ ਕੇ ਧਰਨਾ ਪ੍ਰਦਰਸ਼ਨ ਕਰਨਾ ਪਿਆ।