ਜਲੰਧਰ:ਸੂਬੇ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਮਾਂ ਦੀਆਂ ਲਿਸਟਾਂ ਜਾਰੀ ਕਰ ਰਹੀਆਂ ਹਨ। ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਉਮੀਦਵਾਰਾਂ ਦੀਆਂ ਜਾਰੀ ਕੀਤੀਆਂ ਜਾ ਰਹੀਆਂ ਲਿਸਟਾਂ ਨੂੰ ਲੈ ਕੇ ਸਿਆਸੀ ਪੰਡਿਤ ਇਸਦੇ ਕਈ ਤਰ੍ਹਾਂ ਦੇ ਮਾਇਨੇ ਕੱਢ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਿਆਸੀ ਪਾਰਟੀਆਂ ਦਾ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦੀ ਲਿਸਟ ਇਸ ਕਰਕੇ ਜਾਰੀ ਕੀਤੀ ਜਾ ਰਹੀ ਹੈ ਕਿਉਂਕਿ ਪਾਰਟੀਆਂ ਦੇ ਵਿੱਚ ਇੱਕ ਡਰ ਪਾਇਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪਾਰਟੀਆਂ ਨੂੰ ਡਰ ਹੈ ਕਿ ਉਨ੍ਹਾਂ ਦੇ ਲੀਡਰ ਪਾਰਟੀ ਛੱਡ ਕਿਸੇ ਹੋਰ ਪਾਰਟੀ ਦੇ ਵਿੱਚ ਨਾ ਚਲੇ ਜਾਣ ਇਸ ਲਈ ਉਮੀਦਵਾਰਾਂ ਦਾ ਨਾਮਾਂ ਦੀ ਲਿਸਟ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਜਾਰੀ ਕੀਤੀ ਜਾ ਰਹੀ ਹੈ। ਸਿਆਸੀ ਪਾਰਟੀਆਂ ਵੀ ਇੱਕ ਦੂਜੇ ਉੱਪਰ ਇਸ ਤਰ੍ਹਾਂ ਦੇ ਇਲਜਾਮ ਲਗਾਉਂਦੀਆਂ ਵਿਖਾਈ ਦੇ ਰਹੀਆਂ ਹਨ।
2022 ਦੀਆਂ ਚੋਣਾਂ ਪਿਛਲੀਆਂ ਚੋਣਾਂ ਤੋਂ ਕਿਉਂ ਹੈ ਵੱਖ ?
ਪੰਜਾਬ ਦੇ ਇਤਿਹਾਸ ਵਿੱਚ ਰਾਜਨੀਤਿਕ ਪਾਰਟੀਆਂ ਲਈ ਗੱਠਜੋੜ ਤੋੜਨਾ ਅਤੇ ਗੱਠਜੋੜ ਬਣਾਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ ਵਾਰ ਇਹ ਚੋਣਾਂ ਕੁਝ ਵੱਖ ਹੋਣ ਜਾ ਰਹੀਆਂ ਹਨ। ਇੱਕ ਪਾਸੇ ਜਿੱਥੇ ਕਿਸਾਨੀ ਅੰਦੋਲਨ ਦੇ ਚੱਲਦੇ ਅਕਾਲੀ ਦਲ ਦਾ ਪੰਜਾਬ ਵਿੱਚ ਬੀਜੇਪੀ ਨਾਲ ਸਾਥ ਟੁੱਟ ਗਿਆ ਹੈ ਦੂਸਰੇ ਪਾਸੇ ਹੁਣ ਅਕਾਲੀ ਦਲ ਨੇ ਬੀਜੇਪੀ ਨੂੰ ਛੱਡ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਹੁਣ ਇਕੱਲੇ ਹੀ ਸਾਰੀਆਂ ਸੀਟਾਂ ਉਪਰ ਚੋਣਾਂ ਲੜਨ ਦੀ ਗੱਲ ਕਰ ਰਹੀ ਹੈ।
ਉੱਧਰ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਵੀ ਸਾਰੀਆਂ ਸੀਟਾਂ ’ਤੇ ਚੋਣਾਂ ਲੜਨ ਜਾ ਰਹੀ ਹੈ। ਆਉਣ ਵਾਲੀਆਂ ਚੋਣਾਂ ਵਿੱਚ ਇਸ ਵਾਰ ਇਹ ਵੀ ਖਾਸ ਹੈ ਕਿ ਕਾਂਗਰਸ ਪਿਛਲੇ ਕੁਝ ਸਮੇਂ ਤੋਂ ਪਹਿਲੇ ਹੀ ਆਪਸ ਵਿੱਚ ਦੋਫਾੜ ਨਜ਼ਰ ਆ ਰਹੀ ਹੈ।
ਆਖਿਰ ਕਿਉਂ ਅਕਾਲੀ ਦਲ (Akali Dal) ਉਮੀਦਵਾਰਾਂ ਦਾ ਜਲਦੀ ਕਰ ਰਿਹਾ ਹੈ ਐਲਾਨ
ਅਕਾਲੀ ਦਲ ਹੁਣ ਤੱਕ ਆਪਣੇ 84 ਉਮੀਦਵਾਰ ਮੈਦਾਨ ਵਿੱਚ ਉਤਾਰ ਚੁੱਕਿਆ ਹੈ। ਇਸ ਦੇ ਨਾਲ-ਨਾਲ ਅਕਾਲੀ ਦਲ (Akali Dal) ਦੀ ਅਲਾਇੰਸ ਪਾਰਟੀ ਬਹੁਜਨ ਸਮਾਜ ਪਾਰਟੀ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ (Akali Dal) ਅਤੇ ਬਹੁਜਨ ਸਮਾਜ ਪਾਰਟੀ ਦਾ ਪੱਚੀ ਸਾਲ ਬਾਅਦ ਦੁਬਾਰਾ ਗੱਠਜੋੜ ਹੋਇਆ ਹੈ ਅਤੇ ਹੁਣ ਅਕਾਲੀ ਦਲ 97 ਸੀਟਾਂ ਅਤੇ ਬਹੁਜਨ ਸਮਾਜ ਪਾਰਟੀ ਵੀਹ ਸੀਟਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ। ਅਕਾਲੀ ਦਲ ਦੇ ਆਗੂ ਗੁਰਦੇਵ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਪਿਛਲੀ ਵਾਰ ਬੀਜੇਪੀ ਅਤੇ ਅਕਾਲੀ ਦਲ (Akali Dal) ਦਾ ਗੱਠਜੋੜ ਸੀ ਪਰ ਇਸ ਵਾਰ ਇਹ ਗੱਠਜੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਅਕਾਲੀ ਦਲ (Akali Dal) ਵੱਲੋਂ ਜੋ ਉਮੀਦਵਾਰ ਹੁਣ ਤੱਕ ਮੈਦਾਨ ਵਿਚ ਉਤਾਰੇ ਗਏ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਉਹੀ ਉਮੀਦਵਾਰ ਹਨ ਜੋ ਪਿਛਲੀ ਵਾਰ ਉਨ੍ਹਾਂ ਸੀਟਾਂ ਤੋਂ ਚੋਣਾਂ ਲੜੇ ਸੀ।
ਵਿਧਾਨ ਸਭਾ ਚੋਣਾਂ 2022: ਉਮੀਦਵਾਰ ਪਹਿਲਾਂ ਉਤਾਰਨ ਪਿੱਛੇ ਦੀ ਕੀ ਹੈ ਸਿਆਸਤ ? ਅਕਾਲੀ ਦੇ ਉਮੀਦਵਾਰ ਉਤਾਰਨ ਨੂੰ ਲੈ ਕੇ ਕੀ ਸੋਚਦੇ ਨੇ ਸਿਆਸੀ ਪੰਡਿਤ
ਅਕਾਲੀ ਦਲ ਦੇ ਉਮੀਦਵਾਰ ਜਲਦੀ ਉਤਾਰਨ ਨੂੰ ਲੈ ਕੇ ਸਿਆਸੀ ਮਾਹਿਰਾਂ ਦਾ ਕਹਿਣੈ ਕਿ 2017 ਚੋਣਾਂ ਤੋਂ ਬਾਅਦ ਅਕਾਲੀ ਦਲ (Akali Dal) ਸੂਬੇ ਦੀ ਸਿਆਸਤ ਦੇ ਵਿੱਚੋਂ ਗਰਾਫ ਕਾਫੀ ਥੱਲੇ ਚਲਾ ਗਿਆ ਸੀ। ਮਾਹਿਰਾਂ ਦਾ ਕਹਿਣੈ ਕਿ ਇਸ ਲਈ ਅਕਾਲੀ ਆਪਮੀ ਸਿਆਸੀ ਸਾਖ ਬਚਾਉਣ ਦੇ ਲਈ ਉਸੇ ਦਿਨ ਤੋਂ ਪਾਰਟੀ ਅਤੇ ਲੋਕਾਂ ਦੇ ਵਿੱਚ ਵਿਚਰਨ ਲੱਗਿਆ ਸੀ ਤਾਂ ਕਿ ਸੂਬੇ ਦੇ ਵਿੱਚ ਦੁਬਾਰਾ ਤੋਂ ਉੱਭਰ ਸਕੇ। ਇਸ ਲਈ ਅਕਾਲੀ ਦਲ (Akali Dal) ਪਿਛਲੇ ਕਾਫੀ ਸਮੇਂ ਤੋਂ ਲੋਕਾਂ ਤੇ ਪਾਰਟੀ ਵਰਕਰਾਂ ਤੇ ਆਗੂਆਂ ਦੇ ਵਿੱਚ ਵਿਚਰ ਰਿਹਾ ਹੈ। ਮਾਹਿਰਾਂ ਦਾ ਕਹਿਣੈ ਕਿ ਇਹ ਵੀ ਵੱਡਾ ਕਾਰਨ ਹੈ ਕਿ ਅਕਾਲੀ ਦਲ ਆਪਣੀ ਸਿਆਸੀ ਸਾਖ ਨੂੰ ਬਚਾਉਣ ਤੇ ਦੁਬਾਰਾ ਤੋਂ ਉੱਭਰਨ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਜਲਦੀ ਕਰ ਰਿਹਾ ਹੈ ਤਾਂ ਕਿ ਉਮੀਦਵਾਰ ਆਪਣੇ ਹਲਕੇ ਦੇ ਵਿੱਚ ਸੀਟਾਂ ਪੱਕੀਆਂ ਕਰ ਸਕਣ।
ਉਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (Akali Dal) ਅਤੇ ਬਹੁਜਨ ਸਮਾਜ ਪਾਰਟੀ Bahujan Samaj Party ਵੱਲੋਂ ਫਿਰ ਦੋ ਸੀਟਾਂ ਤੋਂ ਆਪਣੀ ਅਦਲਾ-ਬਦਲੀ ਕੀਤੀ ਗਈ ਹੈ ਜਿਸ ਵਿੱਚ ਲੁਧਿਆਣਾ ਅਤੇ ਮੁਹਾਲੀ ਤੋਂ ਅਕਾਲੀ ਦਲ ਆਪਣੇ ਉਮੀਦਵਾਰ ਉਤਾਰੇਗਾ ਜਦ ਕਿ ਇਸ ਦੇ ਬਦਲੇ ਵਿੱਚ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਰਾਏਕੋਟ ਅਤੇ ਦੀਨਾਨਗਰ ਦੀ ਸੀਟ ਦਿੱਤੀ ਗਈ ਹੈ। ਗੁਰਦੇਵ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਸੀਟਾਂ ਨੂੰ ਲੈ ਕੇ ਅਕਾਲੀ ਦਲ (Akali Dal) ਵਿੱਚ ਕੋਈ ਵੀ ਆਪਸੀ ਕਲੇਸ਼ ਨਹੀਂ ਹੈ ਅਤੇ ਉਹੀ ਫ਼ੈਸਲਾ ਮੰਨਿਆ ਜਾਂਦਾ ਹੈ ਜੋ ਫ਼ੈਸਲਾ ਹਾਈ ਕਮਾਨ ਵੱਲੋਂ ਕੀਤਾ ਜਾਂਦਾ ਹੈ ਇਸ ਲਈ ਅਕਾਲੀ ਦਲ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਉਤਾਰ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਕਾਂਗਰਸ ਅਤੇ ਬੀਜੇਪੀ ਬਾਰੇ ਕੀ ਹੈ ਅਕਾਲੀ ਦਲ ਦਾ ਕਹਿਣਾ
ਇੱਕ ਪਾਸੇ ਜਿਥੇ ਅਕਾਲੀ ਦਲ (Akali Dal) ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਚੋਣ ਮੈਦਾਨ ਵਿੱਚ ਪੂਰੀ ਤਰ੍ਹਾਂ ਨਿੱਤਰ ਚੁੱਕੀ ਹੈ ਇਸੇ ਕਰਕੇ ਪਾਰਟੀ ਦੀ ਮਜਬੂਤੀ ਦੇ ਲਈ ਆਪਣੇ ਉਮੀਦਵਾਰਾਂ ਦੀ ਜਲਦ ਤੋਂ ਜਲਦ ਘੋਸ਼ਣਾ ਕਰ ਰਿਹਾ ਹੈ। ਉਧਰ ਦੂਸਰੇ ਪਾਸੇ ਬੀਜੇਪੀ ਅਤੇ ਕਾਂਗਰਸ ਬਾਰੇ ਅਕਾਲੀ ਦਲ ਦਾ ਕਹਿਣਾ ਹੈ ਕਿ ਇਕ ਪਾਸੇ ਜਿੱਥੇ ਬੀਜੇਪੀ ਕਿਸਾਨੀ ਅੰਦੋਲਨ ਕਰਕੇ ਪੰਜਾਬ ਵਿੱਚ ਆਪਣੇ ਉਮੀਦਵਾਰ ਚਾਹ ਕੇ ਵੀ ਨਹੀਂ ਉਤਾਰ ਰਹੀ ਕਿਉਂਕਿ ਇੱਕ ਸੌ ਸਤਾਰਾਂ ਸੀਟਾਂ ’ਤੇ ਲੜਨ ਲਈ ਉਨ੍ਹਾਂ ਨੂੰ ਉਮੀਦਵਾਰ ਨਹੀਂ ਮਿਲਣਗੇ। ਉਧਰ ਕਾਂਗਰਸ ਵੱਲੋਂ ਉਮੀਦਵਾਰ ਨਾ ਉਤਾਰੇ ਜਾਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਹਿਲੇ ਹੀ ਪੰਜਾਬ ਵਿਚ ਦੋ ਫਾੜ ਹੈ ਅਤੇ ਕਾਂਗਰਸ ਹਾਈ ਕਮਾਨ ਭਲੀ ਭਾਂਤੀ ਜਾਣਦੀ ਹੈ ਕਿ ਇਸ ਵੇਲੇ ਉਮੀਦਵਾਰ ਘੋਸ਼ਿਤ ਕਰਨ ਦਾ ਮਤਲਬ ਆਪਸੀ ਕਲੇਸ਼ ਨੂੰ ਹੋਰ ਜ਼ਿਆਦਾ ਵਧਾਉਣਾ ਹੋ ਸਕਦਾ ਹੈ।
ਉਮੀਦਵਾਰ ਉਤਾਰਨ ਨੂੰ ਲੈ ਕੇ ਆਪ ਦਾ ਪ੍ਰਤੀਕਰਮ
ਉੱਧਰ ਆਮ ਆਦਮੀ ਪਾਰਟੀ (Aam Aadmi Party) ਜੋ ਹੁਣ ਤੱਕ ਆਪਣੀਆਂ ਦਸ ਸੀਟਾਂ ’ਤੇ ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ ਦਾ ਕਹਿਣਾ ਹੈ ਕਿ ਇਹ ਉਹ ਦਸ ਸੀਟਾਂ ਨੇ ਜਿੰਨ੍ਹਾਂ ਉੱਤੇ ਇਹ ਉਮੀਦਵਾਰ ਪਹਿਲੇ ਹੀ ਜਿੱਤ ਹਾਸਿਲ ਕਰ ਚੁੱਕੇ ਹਨ ਜਾਂ ਫਿਰ ਇੰਨ੍ਹਾਂ ਸੀਟਾਂ ’ਤੇ ਕਿਸੇ ਤਰ੍ਹਾਂ ਦੀ ਕੋਈ ਵੀ ਹੋਰ ਉਮੀਦਵਾਰੀ ਸਾਹਮਣੇ ਨਹੀਂ ਆਈ ਹੈ। ਆਮ ਆਦਮੀ ਪਾਰਟੀ ਆਗੂ ਡਾ. ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਗਲੀਆਂ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣਾਂ ਲੜਨ ਜਾ ਰਹੀ ਹੈ ਅਤੇ ਜਿੰਨ੍ਹਾਂ ਸੀਟਾਂ ’ਤੇ ਉਨ੍ਹਾਂ ਵੱਲੋਂ ਉਮੀਦਵਾਰ ਹਾਜ਼ਰ ਨਹੀ ਘੋਸ਼ਿਤ ਕੀਤੇ ਗਏ ਉਨ੍ਹਾਂ ਉੱਪਰ ਸਰਵੇ ਕਰ ਕੇ ਚੰਗੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਾ ਤੇ ਭਾਰਤੀ ਜਨਤਾ ਪਾਰਟੀ ਅਤੇ ਨਾ ਹੀ ਕਾਂਗਰਸ ਆਪਣੇ ਉਮੀਦਵਾਰਾਂ ਦਾ ਐਲਾਨ ਜਲਦੀ ਕਰ ਸਕਦੀ ਹੈ ਕਿਉਂਕਿ ਭਾਜਪਾ ਕੋਲ ਲੜਨ ਲਈ ਇੱਕ ਸੌ ਸਤਾਰਾਂ ਸੀਟਾਂ ਉੱਪਰ ਪੂਰੇ ਉਮੀਦਵਾਰ ਹੈ ਹੀ ਨਹੀਂ ਜਦ ਕਿ ਉਸ ਦੇ ਦੂਸਰੇ ਪਾਸੇ ਕਾਂਗਰਸ ਵਿੱਚ ਜੋ ਕਲੇਸ਼ ਹੁਣ ਤੱਕ ਦੇਖਣ ਨੂੰ ਮਿਲ ਰਿਹਾ ਹੈ ਉਸ ਦੇ ਚੱਲਦੇ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਕਾਂਗਰਸ ਪਹਿਲਾਂ ਹੀ ਹੋਰ ਨਾ ਟੁੱਟ ਜਾਏ।
ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਜਵਾਬਓਧਰ ਅਕਾਲੀ ਦਲ
( Akali Dal
) ਅਤੇ ਆਮ ਆਦਮੀ ਪਾਰਟੀ (Aam Aadmi Party) ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਕਾਂਗਰਸ ਨੇ ਕਿਹਾ ਹੈ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਇਸ ਕਰਕੇ ਛੇਤੀ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਆਪਣੇ ਆਗੂ ਕਿਤੇ ਉਨ੍ਹਾਂ ਦੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਨਾ ਚਲੇ ਜਾਣ। ਜਲੰਧਰ ਵਿੱਚ ਸੀਨੀਅਰ ਕਾਂਗਰਸ ਆਗੂ ਚੇਤਨ ਚੌਹਾਨ ਨੇ ਕਿਹਾ ਕਿ ਕਾਂਗਰਸ ਦਾ ਕੇਡਰ ਦਿਨ ਬ ਦਿਨ ਮਜ਼ਬੂਤ ਹੋ ਰਿਹਾ ਹੈ ਅਤੇ ਕਈ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਸ ਵਿਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪਾਰਟੀਆਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਆਉਣ ਵਾਲੀ ਸਰਕਾਰ ਫਿਰ ਕਾਂਗਰਸ ਬਣਾਉਣ ਜਾ ਰਹੀ ਹੈ ਇਸ ਲਈ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਰਹਿਣ ਦਾ ਕੋਈ ਫ਼ਾਇਦਾ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਢੰਗ ਨਾਲ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਟਿਕਟਾਂ ਜਲਦੀ ਘੋਸ਼ਿਤ ਕਰ ਰਿਹਾ ਹੈ ਅਤੇ ਕੌਣ ਦੇਰੀ ਨਾਲ।
ਵਿਧਾਨ ਸਭਾ ਚੋਣਾਂ 2022: ਉਮੀਦਵਾਰ ਪਹਿਲਾਂ ਉਤਾਰਨ ਪਿੱਛੇ ਦੀ ਕੀ ਹੈ ਸਿਆਸਤ ? ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ