ਜਲੰਧਰ: ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਅਜਿਹਾ ਹੀ ਇੱਕ ਵਾਰਦਾਤ ਦਾ ਮਾਮਲਾ ਜਲੰਧਰ ਦੇ ਅਧੀਨ ਪੈਂਦੇ ਮਹਿਤਪੁਰ ਤੋਂ ਆਇਆ, ਜਿੱਥੇ ਇੱਕ ਬਲੈਰੋ ਗੱਡੀ ਵਾਲੇ 9 ਨੌਜਵਾਨਾਂ ਨੇ ਮੋਟਰਸਾਇਕਲ ਸਵਾਰ 3 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਮੋਟਰਸਾਇਕਲ ਸਵਾਰ ਨੌਜਵਾਨਾਂ ਦੀ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਸ਼ੋਸਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀ ਹੈ। ਜਿਹਨਾਂ ਨੌਜਵਾਨਾਂ 'ਤੇ ਹਮਲਾ ਹੋਇਆ ਹੈ, ਉਹ ਢੋਲ ਵਜਾਉਣ ਦਾ ਕੰਮ ਕਰਦੇ ਹਨ।
ਕਿਸੇ ਵੀ ਰਾਹਗੀਰ ਨੇ ਬਚਾਉਣ ਦੀ ਨਹੀਂ ਕੀਤੀ ਕੋਸ਼ਿਸ਼:-ਮੀਡੀਆਂ ਰਿਪੋਰਟਾਂ ਅਨੁਸਾਰ ਇਹ ਜਦੋਂ ਇਹ ਹਮਲਾ ਜਲੰਧਰ ਦੇ ਮਹਿਤਪੁਰ ਵਿਖੇ ਹੋਇਆ ਤਾਂ ਉੱਥੋਂ ਦੀ ਲੋਕ ਮੋਟਰਸਾਇਕਲਾਂ ਤੇ ਕਾਰਾਂ ਸਮੇਤ ਗੁਜ਼ਰ ਰਹੇ ਸਨ। ਪਰ ਕਿਸੇ ਦੀ ਵੀ ਹਿੰਮਤ ਨਹੀਂ ਹੋਈ ਕਿ ਕੋਈ ਇਹਨਾਂ ਨੌਜਵਾਨਾਂ ਦਾ ਮਲਾਹ ਬਣ ਸਕੇ। ਫਿਲਹਾਲ ਹਮਲਾਵਰ ਆਪਣਾ ਕੰਮ ਕਰਕੇ ਉੱਥੋਂ ਨਿਕਲੇ ਬਣੇ।
ਪੁਰਾਣੀ ਦੁਸ਼ਮਣੀ ਕਰਕੇ ਹਮਲਾ:- ਮੀਡੀਆ ਰਿਪੋਰਟਾਂ ਅਨੁਸਾਰ ਦੱਸ ਦਈਏ ਕਿ ਇਸ ਲੜਾਈ ਵਿੱਚ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਮਹਿਤਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਨੌਜਵਾਨ ਨੇ ਕਿਹਾ ਕਿ ਇਹ ਹਮਲਾ ਪੁਰਾਣੀ ਦੁਸ਼ਮਣੀ ਕਰਕੇ ਹੋਇਆ ਹੈ। ਇਸ ਤੋਂ ਇਲਾਵਾ ਦੂਜੇ ਨੌਜਵਾਨ ਨੇ ਦੱਸਿਆ ਕਿ ਉਹ ਮਹਿਤਪੁਰ ਵਿੱਚ ਇੱਕ ਵਿਆਹ ਵਿੱਚ ਪ੍ਰੋਗਰਾਮ ਲਗਾਉਣ ਗਏ ਸਨ। ਜਿਸ ਤੋਂ ਬਾਅਦ ਉਹ ਵਾਪਸ ਆਪਣੇ ਘਰ ਆ ਰਹੇ ਸਨ, ਇਸ ਦੌਰਾਨ ਉਹਨਾਂ ਉੱਤੇ ਜਾਨਲੇਵਾ ਹਮਲਾ ਹੋਇਆ।
ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ:- ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੀ ਸੀਸੀਟੀਵੀ ਮਿਲ ਗਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਾਰੇ ਆਰੋਪੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਆਰੋਪੀਆਂ ਨੂੰ ਫੜ੍ਹਨ ਲਈ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਭਾਜਪਾ ਨੇ ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ:-ਇਸ ਘਟਨਾ ਤੋਂ ਬਾਅਦ ਭਾਜਪਾ ਨੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧਦਿਆ ਟਵੀਟ ਕੀਤਾ ਕਿ 'ਤਾਂ 'ਆਪ' ਨੇ ਇਸ ਤਰ੍ਹਾਂ ਪੰਜਾਬ ਨੂੰ ਸੰਭਾਲਿਆ ਹੈ? ਦਿਨ ਭਰ ਦੇਸ਼ ਅਤੇ ਦੁਨੀਆ ਦੇ ਹਰ ਮੁੱਦੇ 'ਤੇ ਗਿਆਨ ਦੇਣ ਵਾਲੇ ਕੇਜਰੀਵਾਲ ਪੰਜਾਬ ਦੀ ਹਾਲਤ ਦੇਖ ਲਓ। ਪੰਜਾਬ ਵਿੱਚ ਹੁਣ ਦਿਨ ਦਿਹਾੜੇ ਗੈਂਗ ਵਾਰ ਆਮ ਗੱਲ ਹੈ। ਭਗਵੰਤ ਮਾਨ ਨੂੰ ਦੇਸ਼ ਦੇ ਦੌਰੇ ਬੰਦ ਕਰਨੇ ਚਾਹੀਦੇ ਹਨ ਅਤੇ ਕੁਝ ਸਮਾਂ ਪੰਜਾਬ ਵਿੱਚ ਅਮਨ-ਕਾਨੂੰਨ ਲਈ ਲਾਉਣਾ ਚਾਹੀਦਾ ਹੈ'।