ਜਲੰਧਰ:ਅੱਜ ਜਲੰਧਰ ਦੇ ਨਿੱਜੀ ਹੋਟਲ ਵਿੱਚ ਪੰਜਾਬ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਵੱਲੋਂ ਇੱਕ ਪ੍ਰੈਸ ਕਾਨਫੈਂਸ ਕੀਤੀ ਗਈ। ਜਿਸ ਵਿੱਚ ਬੀਤੇ ਦਿਨੀਂ ਐੱਸਸੀ ਵਿੰਗ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਉੱਤੇ ਗੋਲੀ ਚਲਾ ਕੇ ਉਸ ਦੇ ਕਤਲ ਕਰਨ ਦੀ ਕੋਸ਼ਿਸ਼ ਨੂੰ ਮੁੱਖ ਮੁੱਦੇ ਵਜੋਂ ਰੱਖਿਆ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬੁਰੇ ਤਰੀਕੇ ਦੇ ਨਾਲ ਖਰਾਬ ਹੋਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੰਭੀਰ ਮੁੱਦੇ ਉੱਤੇ ਕੋਈ ਵੀ ਫਰਕ ਨਹੀਂ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰੇਆਮ ਭਾਜਪਾ ਦੇ ਇੱਕ ਮੈਂਬਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਲਗਭਗ ਸ਼ੂਟਰ ਸਫਲ ਵੀ ਹੋ ਗਏ ਸਨ।
ਜਰਨਲ ਸਕੱਤਰ ਬਲਵਿੰਦਰ ਗਿੱਲ ਉੱਤੇ ਹਮਲਾ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਸ਼ਵਨੀ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਬੀਤੇ ਦਿਨੀ ਜੋ ਉਨ੍ਹਾਂ ਦੇ ਐੱਸਸੀ ਵਿੰਗ ਦੇ ਜਰਨਲ ਸਕੱਤਰ ਬਲਵਿੰਦਰ ਗਿੱਲ ਹਨ, ਉਨ੍ਹਾਂ ਦੇ ਉੱਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਵਰ੍ਹਾਈਆਂ ਗਈਆਂ। ਉਨ੍ਹਾਂ ਕਿਹਾ ਮੌਤ ਦੇ ਮੂੰਹ ਵਿੱਚ ਪੁੱਜੇ ਭਾਜਪਾ ਆਗੂ ਦੇ ਨਾਲ ਹਸਪਤਾਲ ਵਿੱਚ ਵੀ ਕੋਈ ਪੁਲਿਸ ਮੁਲਾਜ਼ਮ ਮੌਕੇ ਉੱਤੇ ਮੌਜੂਦ ਨਹੀਂ ਸੀ ਅਤੇ ਪਰਿਵਾਰਕ ਮੈਂਬਰ ਹੀ ਆਪਣੇ ਘਰ ਦੇ ਜੀਅ ਨੂੰ ਬਚਾਉਣ ਲਈ ਘਬਰਾਏ ਹੋਏ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਭਾਵੇਂ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਆਕੇ ਵੱਡੇ-ਵੱਡੇ ਦਾਅਵੇ ਕੀਤੇ ਪਰ ਪਰਿਵਾਰ ਦੀ ਮਦਦ ਲਈ ਕੋਈ ਪੁਲਿਸ ਮੁਲਜ਼ਮ ਤੁਰੰਤ ਮੌਕੇ ਉੱਤੇ ਇੰਨਾ ਵੱਡਾ ਹਮਲਾ ਹੋਣ ਦੇ ਬਾਵਜੂਦ ਵੀ ਨਹੀਂ ਪਹੁੰਚਿਆ ਸੀ।