ਜਲੰਧਰ: ਪੁੱਤ ਪਰਦੇਸੀ ਨਾ ਹੋਈ ਤੇਰਾ ਰੱਖੂ ਕੌਣ ਖਿਆਲ, ਇਹ ਬੋਲ ਅੱਖਾਂ ਵਿੱਚ ਅੱਥਰੂ ਭਰੀ ਬੈਠੀ ਇੱਕ ਮਾਂ ਦੇ ਹਨ। ਜੋ ਕਈ ਵਰ੍ਹਿਆਂ ਤੋਂ ਆਪਣੇ ਪੁੱਤ ਦੀ ਉਡੀਕ ਕਰ ਰਹੀ ਹੈ। 75 ਸਾਲਾ ਰਜਿੰਦਰ ਕੌਰ ਭਾਰਤੀ ਹਵਾਈ ਫ਼ੌਜ ਦੇ ਸੇਵਾ ਮੁਕਤ ਅਫ਼ਸਰ ਦੀ ਪਤਨੀ ਹੈ। ਜਿਸ ਦਾ ਪੁੱਤ ਰੋਜ਼ੀ-ਰੋਟੀ ਦੀ ਭਾਲ ਵਿੱਚ ਯੂਕਰੇਨ ਗਿਆ ਸੀ, ਪਰ ਬਿਮਾਰੀ ਕਾਰਨ ਪਿਛਲੇ ਕਈ ਵਰ੍ਹਿਆਂ ਤੋਂ ਉਹ ਮੰਜੇ 'ਤੇ ਹੈ। ਪੁੱਤ ਦਾ ਇਹ ਹਾਲ ਵੇਖ ਕੇ ਮਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ਬਿਮਾਰ ਪੁੱਤ ਦੀ ਵਤਨ ਵਾਪਸੀ ਲਈ ਵਿਧਵਾ ਮਾਂ ਦੀ ਸਰਕਾਰ ਨੂੰ ਗੁਹਾਰ - ARMY man widow request government
ਅੱਖਾਂ ਵਿੱਚ ਅੱਥਰੂ ਭਰੀ ਬੈਠੀ ਇੱਕ ਮਾਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਕੋਈ ਉਸ ਦੇ ਪਤੀ ਦੀਆਂ ਕੁਰਬਾਨੀਆਂ ਦਾ ਮੁੱਲ ਪਾਵੇ ਤੇ ਯੁਕਰੇਨ ਵਿੱਚ ਫਸੇ ਉਸ ਦੇ ਬਿਮਾਰ ਪੁੱਤ ਨੂੰ ਪੰਜਾਬ ਮੋੜ ਲਿਆਵੇ।
ਮਾਂ ਕਹਿੰਦੀ ਹੈ ਮੇਰੇ ਪੁੱਤ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ ਤੇ ਹੁਣ ਤਾਂ ਕੋਰੋਨਾ ਬਿਮਾਰੀ ਕਾਰਨ ਉਸ ਕੋਲ ਦਵਾਈ ਲਈ ਵੀ ਪੈਸੇ ਨਹੀਂ ਬਚੇ। ਪਿਛਲੇ ਕਰੀਬ 4-5 ਸਾਲ ਤੋਂ ਰਾਜਿੰਦਰ ਕੌਰ ਦਾ ਬੇਟਾ ਅੰਮ੍ਰਿਤਪਾਲ ਕਾਫੀ ਬੀਮਾਰ ਹੈ ਅਤੇ 8 ਮਹੀਨੇ ਪਹਿਲਾਂ ਹੀ ਉਸ ਨੂੰ ਅਧਰੰਗ ਹੋਇਆ ਸੀ। ਇਸ ਤੋਂ ਬਾਅਦ ਉਸ ਦੀ ਹਾਲਤ ਹੋਰ ਖ਼ਰਾਬ ਹੋ ਗਈ।
ਅੰਮ੍ਰਿਤਪਾਲ ਦੀ ਮਾਂ ਵਿਧਵਾ ਪੈਨਸ਼ਨ ਦੇ ਸਹਾਰੇ ਗੁਜ਼ਾਰਾ ਕਰ ਰਹੀ ਹੈ। ਰਜਿੰਦਰ ਕੌਰ ਸਰਕਾਰ ਅੱਗੇ ਗੁਹਾਰ ਲਗਾ ਰਹੀ ਹੈ ਕਿ ਮੇਰੇ ਪਤੀ ਨੇ ਦੇਸ਼ ਲਈ 1965 ਤੋਂ 1972 ਦੀ ਜੰਗ ਲੜੀ ਹੈ ਤੇ ਜ਼ਿੰਦਗੀ ਦੀ ਇਸ ਔਖ ਵਿੱਚ ਸਰਕਾਰ ਉਸ ਦਾ ਸਾਥ ਦੇਵੇ। ਉਮੀਦ ਕਰਦੇ ਹਾਂ ਸਰਕਾਰ, ਰਜਿੰਦਰ ਕੌਰ ਦੇ ਪਤੀ ਦੀਆਂ ਕੁਰਬਾਨੀਆਂ ਦਾ ਮੁੱਲ ਜ਼ਰੂਰ ਪਾਵੇਗੀ ਤੇ ਇਹ ਬੇਸਹਾਰਾ ਮਾਂ ਜਲਦ ਹੀ ਆਪਣੇ ਪੁੱਤ ਨੂੰ ਮਿਲ ਸਕੇਗੀ।