ਜਲੰਧਰ: ਰਾਸ਼ਟਰੀ ਖੇਡ ਦਿਵਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 74 ਖਿਡਾਰੀਆਂ ਨੂੰ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਸਨਮਾਨਿਤ ਕੀਤੇ ਗਏ ਇਨ੍ਹਾਂ ਖਿਡਾਰੀਆਂ ’ਚ ਇੱਕ ਨਾਂਅ ਪੰਜਾਬ ਤੋਂ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਦਾ ਵੀ ਸ਼ਾਮਿਲ ਹੈ, ਜਿਸ ਨੂੰ ਅਰਜੁਨ ਐਵਾਰਡ ਦਿੱਤਾ ਗਿਆ ਹੈ। ਅਰਜੁਨ ਐਵਾਰਡ ਮਿਲਣ 'ਤੇ ਪਰਿਵਾਰ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਨੂੰ ਅਰਜਨ ਅਵਾਰਡ ਮਿਲਣ 'ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਅਕਾਸ਼ਦੀਪ ਸਿੰਘ ਬਾਰੇ ਕੁੱਝ ਗੱਲਾਂ
ਅਕਾਸ਼ਦੀਪ ਸਿੰਘ ਦਾ ਜਨਮ 2 ਦਸੰਬਰ, 1994 ਨੂੰ ਪੰਜਾਬ ਦੇ ਮਾਝਾ ਖੇਤਰ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੈਰੋਵਾਲ ਵਿੱਚ ਹੋਇਆ ਸੀ। ਅਕਾਸ਼ਦੀਪ ਸਿੰਘ ਨੇ ਹਾਕੀ ਖੇਡ ਦਾ ਹੁਨਰ ਖਡੂਰ ਸਾਹਿਬ ਸਥਿਤ ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਗੁਰੂ ਅੰਗਦ ਦੇਵ ਸਪੋਰਟਸ ਕਲੱਬ ਖਡੂਰ ਸਾਹਿਬ ਦੀ ਟੀਮ ਲਈ ਵੀ ਖੇਡਦਾ ਰਿਹਾ।
ਆਪਣੀ ਖੇਡ ਵਿੱਚ ਅਗਲੀ ਪੁਲਾਂਘ ਪੁੱਟਦਿਆਂ ਅਕਾਸ਼ਦੀਪ ਸਿੰਘ 2006 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹਾਕੀ ਅਕੈੱਡਮੀ ਦਾ ਹਿੱਸਾ ਬਣ ਗਿਆ। ਇਸ ਤੋਂ ਬਾਅਦ ਉਹ ਜਲੰਧਰ ਦੀ ਸੁਰਜੀਤ ਹਾਕੀ ਅਕੈੱਡਮੀ ਵਿੱਚ ਚਲਾ ਗਿਆ। ਇੱਥੇ ਚਾਰ ਸਾਲ ਉਸ ਨੇ ਆਪਣੀ ਖੇਡ ਨੂੰ ਕੋਚਾਂ ਦੀ ਨਿਗਰਾਨੀ ਹੇਠ ਹੋਰ ਤਰਾਸ਼ਿਆ ਤੇ ਸਖਤ ਮਿਹਨਤ ਕੀਤੀ।
2011 ਵਿੱਚ ਅਕਾਸ਼ਦੀਪ ਸਿੰਘ ਨੂੰ ਭਾਰਤ ਦੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਚੁਣਿਆ ਗਿਆ ਤੇ 2011 ਏਸ਼ੀਆ ਕੱਪ ਵਿੱਚ ਉਸ ਦੀ ਅਗਵਾਈ ਵਿੱਚ ਭਾਰਤੀ ਟੀਮ ਤੀਜੇ ਥਾਂ 'ਤੇ ਰਹੀ। ਅਕਾਸ਼ਦੀਪ ਸਿੰਘ ਨੂੰ 2013 ਵਿੱਚ ਭਾਰਤੀ ਸੀਨੀਅਰ ਹਾਕੀ ਟੀਮ ਵਿੱਚ ਚੁਣ ਲਿਆ ਗਿਆ।