ਜਲੰਧਰ: ਪੂਰੇ ਦੇਸ਼ ਵਿੱਚ ਕੋਰੋਨਾ ਕਰਕੇ ਲੱਗੇ ਲੌਕ ਡਾਊਨ ਨਾਲ ਹਾਲਾਤ ਕੁਝ ਐਸੇ ਹੋ ਗਏ ਨੇ ਕਿ ਉਹ ਲੋਕ ਜੋ ਕਦੀ ਜਹਾਜ਼ਾਂ ਵਿਚ ਦੇਸ਼ ਵਿਦੇਸ਼ ਘੁੰਮਦੇ ਸੀ ਅਤੇ ਆਪਣਾ ਕੰਮ ਕਰਦੇ ਸੀ ਅੱਜ ਛੋਟੇ ਤੋਂ ਛੋਟਾ ਕੰਮ ਕਰਨ ਨੂੰ ਮਜਬੂਰ ਹਨ, ਐਸਾ ਹੀ ਇਕ ਇਨਸਾਨ ਹੈ ਜਲੰਧਰ ਦਾ ਰਹਿਣ ਵਾਲਾ ਪਵਨ ਸਹੋਤਾ।
ਵੱਡੇ ਵੱਡੇ ਕਲਾਕਾਰਾਂ ਨਾਲ ਸ਼ੋਅ ਕਰ ਚੁੱਕਾ ਹੈਪਵਨ ਸਹੋਤਾ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਮੰਗੀ ਸਹੋਤਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਤਕਰੀਬਨ ਹਰ ਗਾਇਕ ਤੇ ਸ਼ੋਅ ਵਿੱਚ ਤਬਲਾ, ਢੋਲਕੀ ਅਤੇ ਢੋਲ ਵਜਾ ਚੁੱਕਿਆ ਮੰਗੀ ਅੱਜ ਕੋਰੋਨਾ ਦੌਰਾਨ ਲੱਗੇ ਲੌਕ ਡਾਊਨ ਦੇ ਚੱਲਦੇ ਬੇਹੱਦ ਮੰਦੀ ਹਾਲਤ ਵਿੱਚ ਆਪਣੀ ਜ਼ਿੰਦਗੀ ਬਸਰ ਕਰਨ ਨੂੰ ਮਜਬੂਰ ਹੈ। ਮੰਗੀ ਦੱਸਦਾ ਹੈ ਕਿ ਉਸ ਨੇ ਸੋਲ਼ਾਂ ਸਾਲ ਦੀ ਉਮਰ ਤੋਂ ਹੀ ਸੰਗੀਤ ਦੇ ਇਹ ਸਾਜ਼ ਵਜਾਉਣੇ ਸ਼ੁਰੂ ਕੀਤੇ ਸੀ ਅਤੇ ਤਕਰੀਬਨ ਵੀਹ ਸਾਲ ਤੋਂ ਉਹ ਪੰਜਾਬ ਦੇ ਤਕਰੀਬਨ ਹਰ ਕਲਾਕਾਰ ਨਾਲ ਜਿਸ ਵਿੱਚ ਗੁਰਦਾਸ ਮਾਨ, ਮਨਮੋਹਨ ਵਾਰਿਸ, ਕਮਲ ਹੀਰ, ਬੱਬੂ ਮਾਨ, ਹਰਭਜਨ ਮਾਨ ਵਰਗੇ ਵੱਡੇ ਸਿਤਾਰੇ ਸ਼ਾਮਲ ਹਨ, ਜਿਨ੍ਹਾਂ ਨਾਲ ਮੰਗੀ ਸਾਜ਼ ਵਜਾ ਚੁੱਕਾ ਹੈ।
ਪਾਸਪੋਰਟ ’ਤੇ ਲੱਗੇ ਹੋਏ ਹਨ ਕਈ ਦੇਸ਼ਾਂ ਦੇ ਵੀਜ਼ੇ
ਇਹੀ ਨਹੀਂ ਇਨ੍ਹਾਂ ਸਿਤਾਰਿਆਂ ਦੇ ਨਾਲ ਉਹ ਦੁਨੀਆ ਦੇ ਤਕਰੀਬਨ ਹਰ ਉਸ ਦੇਸ਼ ਵਿੱਚ ਜਾ ਚੁੱਕਿਆ ਹੈ ਜਿੱਥੇ ਪੰਜਾਬੀ ਵੱਸਦੇ ਹਨ। ਉਸ ਦੇ ਪਾਸਪੋਰਟ ਤੇ ਲੱਗੇ ਹੋਏ ਵੀਜ਼ੇ ਇਸ ਗੱਲ ਦਾ ਸਬੂਤ ਦੇ ਕੇ ਦੁਨੀਆਂ ਦਾ ਸ਼ਾਇਦ ਹੀ ਕੋਈ ਐਸਾ ਦੇਸ਼ ਹੋਵੇ ਜਿੱਥੇ ਉਸ ਨੇ ਪੰਜਾਬੀ ਕਲਾਕਾਰਾਂ ਦੇ ਨਾਲ ਇਹ ਸਾਜ਼ ਨਾ ਵਜਾਏ ਹੋਣ। ਉਹਦੇ ਕੋਲ ਪਏ ਪ੍ਰਸ਼ੰਸਾ ਪੱਤਰ ਵੀ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਨੇ ਕਿ ਉਸ ਨੂੰ ਪੰਜਾਬੀ ਸੰਗੀਤ ਵਿੱਚ ਕਿੰਨੀ ਗਹਿਰਾਈ ਨਾਲ ਜਾਣਿਆ ਜਾਂਦਾ ਹੈ।
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਆਟੋ ਚਲਾ ਕੇ ਕਰ ਰਿਹਾ ਗੁਜ਼ਾਰਾ
ਅੱਜ ਪੰਜਾਬੀ ਸੰਗੀਤ ਜਗਤ ਦਾ ਇਹ ਸਿਤਾਰਾ ਕੋਰੋਨਾ ਕਰਕੇ ਲੱਗੇ ਲੌਕ ਡਾਊਨ ਦੇ ਚੱਲਦੇ ਮੰਦਹਾਲੀ ਦੀ ਜ਼ਿੰਦਗੀ ਜੀਅ ਰਿਹਾ ਹੈ। ਮੰਗੀ ਅੱਜ ਆਪਣਾ ਘਰ ਚਲਾਉਣ ਲਈ ਆਟੋ ਚਲਾ ਰਿਹਾ ਹੈ। ਇਹ ਆਟੋ ਵੀ ਉਸ ਦਾ ਆਪਣਾ ਨਹੀਂ ਹੈ ਬਲਕਿ ਦੋ ਸੌ ਰੁਪਏ ਦਿਹਾੜੀ ਕਿਰਾਏ ’ਤੇ ਲਿਆ ਹੋਇਆ ਹੈ। ਮੰਗੀ ਦੇ ਘਰ ਅੱਜ ਉਸ ਦੀਆਂ ਤਿੰਨ ਬੇਟੀਆਂ ਇਕ ਬੇਟਾ ਅਤੇ ਉਸਦੀ ਪਤਨੀ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਮੰਗੀ ਦੇ ਸਿਰ ’ਤੇ ਹੈ।
ਅੱਜ ਮੰਗੀ ਵਰਗੇ ਹਜ਼ਾਰਾਂ ਲੋਕ ਐਸੇ ਹੁਨਰਮੰਦ ਲੋਕ ਹਨ ਜੋ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅਰਸ਼ਾਂ ਤੋਂ ਫਰਸ਼ਾਂ ’ਤੇ ਆ ਗਏ ਹਨ। ਇਸ ਮਹਾਂਮਾਰੀ ਦੌਰਾਨ ਹਰ ਇਨਸਾਨ ਦੀ ਦੁਆ ਹੈ ਕਿ ਇਹ ਮਹਾਂਮਾਰੀ ਜਲਦੀ ਤੋਂ ਜਲਦੀ ਖ਼ਤਮ ਹੋਵੇ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਮੁੜ ਲੀਹ ’ਤੇ ਆ ਸਕੇ।
ਇਹ ਵੀ ਪੜ੍ਹੋ: 8 ਸਾਲਾਂ ਬੱਚੀ ਨਾਲ ਛੇੜਛਾੜ ਕਰਨ ਵਾਲੇ ਗ੍ਰੰਥੀ ਦੀ ਹੋਈ ਚੰਗੀ ਸੇਵਾ