ਜਲੰਧਰ:ਫਿਲੌਰ ਇਲਾਕੇ ਦੇ ਗੰਨਾ ਪਿੰਡ ਵਿਖੇ ਇੱਕ 46 ਸਾਲ ਦੇ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਜਲੰਧਰ ਦੇ ਨਕੋਦਰ ਇਲਾਕੇ ਦੇ ਚੱਕ ਸਾਹਬੂ ਦਾ ਰਹਿਣ ਵਾਲਾ ਇਹ ਵਿਅਕਤੀ ਜਿਸ ਦਾ ਨਾਮ ਜਸਵੰਤ ਸਿੰਘ ਹੈ ਅਤੇ ਉਹ ਇੱਕ ਗੁਰਦੁਆਰੇ ਵਿੱਚ ਕੰਮ ਕਰਦਾ ਸੀ ਦੀ ਲਾਸ਼ ਪਿੰਡ ਵਿਖੇ ਪਈ ਹੋਈ ਮਿਲੀ ਹੈ।
ਜ਼ਿਕਰਯੋਗ ਹੈ ਕਿ ਗੰਨਾ ਪਿੰਡ ਉਹ ਪਿੰਡ ਹੈ ਜਿਸ ਨੂੰ ਜਲੰਧਰ ਦੇ ਸਾਂਸਦ ਚੌਧਰੀ ਸੰਤੋਖ ਸਿੰਘ ਨੇ ਗੋਦ ਲਿਆ ਹੋਇਆ ਹੈ। ਇਹੀ ਨਹੀਂ ਜਲੰਧਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਦੀ ਸਪਲਾਈ ਇਸ ਪਿੰਡ ਤੋਂ ਹੁੰਦੀ ਹੈ। ਥੋੜ੍ਹੇ ਦਿਨ ਪਹਿਲਾਂ ਜਲੰਧਰ ਦੇ ਐਸਐਸਪੀ ਸਵਪਨ ਸ਼ਰਮਾ ਨੇ ਕਰੀਬ ਤਿੰਨ ਸੌ ਪੁਲਿਸ ਮੁਲਾਜ਼ਮਾਂ ਦੇ ਨਾਲ ਇਸ ਪਿੰਡ ਵਿੱਚ ਛਾਪੇਮਾਰੀ ਕੀਤੀ ਗਈ ਸੀ ਜਿੱਥੇ ਭਾਰੀ ਮਾਤਰਾ ਵਿਚ ਨਸ਼ਾ ਬਰਾਮਦ ਹੋਇਆ ਸੀ। ਇਸ ਛਾਪੇਮਾਰੀ ਤੋਂ ਬਾਅਦ ਵੀ ਇਸ ਇਲਾਕੇ ਵਿੱਚ ਨਸ਼ੇ ਸ਼ਰੇਆਮ ਵਿਕਣ ਦੀ ਚਰਚਾ ਜ਼ੋਰਾਂ ’ਤੇ ਚੱਲ ਰਹੀ ਹੈ।