ਹੈਦਰਾਬਾਦ ਡੈਸਕ:ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤ ਝੋਲੀ ਪਾਈ ਹੈ। ਸੁਸ਼ੀਲ ਰਿੰਕੂ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਜਿੱਤ ਤੋਂ ਬਾਅਦ ਪੂਰੇ ਪੰਜਾਬ ਵਿੱਚ ਆਪ ਵਰਕਰਾਂ ਤੇ ਨੇਤਾਵਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਾਣਦੇ ਹਾਂ, ਸੁਸ਼ੀਲ ਰਿੰਕੂ ਦੀ ਪ੍ਰੋਫਾਈਲ ਬਾਰੇ...
ਲੰਮੇ ਸਮੇਂ ਤੱਕ ਕਾਂਗਰਸੀ ਰਹੇ:ਭਾਵੇਂ ਕਿ, ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਫੇਸਬੁੱਕ ਖਾਤੇ ਦੀ ਕਵਰ ਈਮੇਜ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨਜ਼ਰ ਆ ਰਹੇ ਹਨ, ਜੇ ਉਨ੍ਹਾਂ ਦੀਆਂ ਪੁਰਾਣੀਆਂ ਪੋਸਟਾਂ ਨੂੰ ਫਰੋਲ ਲਈਏ, ਤਾਂ 26 ਮਾਰਚ ਦੀ ਉਨ੍ਹਾਂ ਦੀ ਪੋਸਟ ਵਿੱਚ ਉਹ ਰਾਹੁਲ ਗਾਂਧੀ ਲਈ ਸੱਤਿਆਗ੍ਰਿਹ ਕਰਦੇ ਹੋਏ ਨਜ਼ਰ ਆ ਰਹੇ ਸੀ। ਕਪੂਰਥਲਾ ਤੋਂ ਵਿਧਾਇਕ ਅਤੇ ਕਾਂਗਰਸ ਦੇ ਜਲੰਧਰ ਉਪ ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ ਦੇ ਨਜ਼ਦੀਕੀ ਰਿੰਕੂ ਪਿਛਲੀ ਵਿਧਾਨ ਸਭਾ 'ਚ ਜਲੰਧਰ ਪੱਛਮੀ ਸੀਟ ਤੋਂ ਕਾਂਗਰਸ ਦੇ ਵਿਧਾਇਕ ਸਨ।
ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ 'ਚ ਸਰਗਰਮ ਸੁਸ਼ੀਲ ਰਿੰਕੂ
ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿੱਚ ਸਰਗਰਮ: ਆਪ ਨੇਤਾ ਸੁਸ਼ੀਲ ਰਿੰਕੂ ਨੇ ਆਪਣੀ ਗ੍ਰੈਜੂਏਸ਼ਨ ਸਥਾਨਕ ਡੀਏਵੀ ਕਾਲਜ ਤੋਂ ਕੀਤੀ। 47 ਸਾਲਾ ਸੁਸ਼ੀਲ ਰਿੰਕੂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿੱਚ ਕਾਫ਼ੀ ਸਰਗਰਮ ਹਨ। ਉਹ ਐੱਨਐੱਸਯੂਆਈ ਦੇ ਸਰਗਰਮ ਮੈਂਬਰ ਸਨ ਅਤੇ 2006 ਵਿੱਚ ਉਹ ਜਲੰਧਰ ਨਗਰ ਨਿਗਮ ਦੇ ਕੌਂਸਲਰ ਚੁਣੇ ਗਏ ਸਨ। ਸੁਸ਼ੀਲ ਰਿੰਕੂ ਦੇ ਪਿਤਾ ਲੰਬੇ ਸਮੇਂ ਤੱਕ ਕਾਂਗਰਸ ਦੇ ਕੌਂਸਲਰ ਰਹੇ ਸੀ। ਉਸ ਤੋਂ ਬਾਅਦ ਸੁਸ਼ੀਲ ਰਿੰਕੂ ਵੀ ਦੋ ਵਾਰ ਕੌਂਸਲਰ ਰਹੇ ਤੇ ਇੱਕ ਵਾਰ ਉਨ੍ਹਾਂ ਦੀ ਪਤਨੀ ਵੀ ਕੌਂਸਲਰ ਰਹੀ ਹੈ।
ਆਪ ਵਿਧਾਇਕ ਸ਼ੀਤਲ ਤੋਂ ਮਿਲੀ ਸੀ ਹਾਰ: ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ਤੋਂ ਸੁਸ਼ੀਲ ਰਿੰਕੂ ਨੇ ਪਹਿਲੀ ਵਾਰ ਚੋਣ ਲੜੀ ਸੀ। ਇਹ ਸੀਟ ਉੱਤੇ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਕੇਪੀ ਚੋਣ ਲੜਿਆ ਕਰਦੇ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਟਿਕਟ ਬਦਲ ਕੇ ਇਹ ਸੀਟ ਸੁਸ਼ੀਲ ਰਿੰਕੂ ਨੂੰ ਦਿੱਤੀ ਗਈ ਸੀ। ਸੁਸ਼ੀਲ ਰਿੰਕੂ ਨੇ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਚੁੰਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਪਾਲ ਭਗਤ ਨੂੰ ਹਰਾ ਕੇ ਜਿੱਤੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਤੋਂ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਸੁਸ਼ੀਲ ਰਿੰਕੂ ਨੂੰ ਹਰਾਇਆ ਸੀ। ਸ਼ੀਤਲ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਸੁਸ਼ੀਲ ਨੂੰ ਹੀ ਆਮ ਆਦਮੀ ਪਾਰਟੀ ਨੇ ਟਿਕਟ ਕਿਉਂ ਦਿੱਤੀ ਇਹ ਵੀ ਇੱਕ ਸਵਾਲ ਹੈ, ਜੋ ਪੁੱਛਿਆ ਜਾ ਰਿਹਾ ਹੈ।
ਰਿੰਕੂ ਨੂੰ ‘ਆਪ’ ਵਿੱਚ ਲਿਆਉਣ ਲਈ ਅਸ਼ੋਕ ਮਿੱਤਲ ਦੀ ਅਹਿਮ ਭੂਮਿਕਾ: ਸੁਸ਼ੀਲ ਰਿੰਕੂ ਨੂੰ 'ਆਪ' 'ਚ ਲਿਆਉਣ 'ਚ ਐਲਪੀਯੂ ਦੇ ਚਾਂਸਲਰ ਅਤੇ 'ਆਪ' ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਅਹਿਮ ਭੂਮਿਕਾ ਨਿਭਾਈ ਹੈ। ‘ਆਪ’ ਨੇ ਲਗਾਤਾਰ ਕਈ ਆਗੂਆਂ ਦਾ ਸਰਵੇ ਕਰਵਾਇਆ ਸੀ। ਇਸ ਵਿੱਚ ਸਭ ਤੋਂ ਪਹਿਲਾਂ ਨਾਮ ਮਹਿੰਦਰ ਸਿੰਘ ਕੇ.ਪੀ. ਜਲੰਧਰ ਤੋਂ ਲੋਕ ਸਭਾ ਮੈਂਬਰ ਰਹੇ ਕੇ.ਪੀ. 'ਆਪ' ਨੇ ਕੇਪੀ ਨੂੰ ਪਾਰਟੀ 'ਚ ਸ਼ਾਮਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੇਪੀ ਨਹੀਂ ਮੰਨੇ।