ਜਲੰਧਰ: ਸ਼ਹਿਰ ਦੇ ਪਿੰਡ ਉੱਚਾ ਵਿਖੇ ਇਕ ਸਹਿਕਾਰੀ ਬੈਂਕ ਵਿੱਚ ਕਰੋੜਾਂ ਰੁਪਏ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਮੁਤਾਬਕ ਇਹ ਗਬਨ ਕਰੀਬ ਸਤਾਰਾਂ ਕਰੋੜ ਰੁਪਏ ਦਾ ਹੈ ਜਿਸ ਵਿੱਚ ਬੈਂਕ ਦੇ ਹੀ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਸ (scam of crores in a co operative bank) ਘੁਟਾਲੇ ਵਿੱਚ ਕਥਿਤ ਮੁਲਜ਼ਮਾਂ ਵੱਲੋਂ ਮਰ ਚੁੱਕੇ ਲੋਕਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਉਨ੍ਹਾਂ ਦੇ ਨਾਮ ਉੱਪਰ ਹੀ ਐਫਡੀ ਕਰਾਕੇ ਇਸ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ ਹੈ।
ਮਾਮਲੇ ਵਿੱਚ ਮੁੱਖ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ:ਸਹਿਕਾਰੀ ਬੈਂਕ ਦੇ ਏਆਰ ਜਸਵਿੰਦਰ ਕੌਰ ਮੁਤਾਬਕ ਇਹ ਮਾਮਲਾ ਕੁਝ ਸਾਲ ਪੁਰਾਣਾ ਹੈ ਜਿਸ ਵਿੱਚ ਸਹਿਕਾਰੀ ਬੈਂਕ ਦੇ ਸੈਕਟਰੀ ਸੱਤਪਾਲ ਸਮੇਤ ਕੁਝ ਲੋਕਾਂ ਵੱਲੋਂ ਇਹ ਗਬਨ ਕੀਤਾ ਗਿਆ ਸੀ। ਇਸ ਵਿੱਚ ਸੱਤਪਾਲ ਤਿੰਨ ਸਾਲ ਜੇਲ੍ਹ ਵਿੱਚ ਵੀ ਰਹਿ ਕੇ ਆਇਆ ਹੈ ਅਤੇ ਇਸ ਦੇ ਕੁਝ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ, ਪਰ ਅੱਜ ਵੀ ਪੁਲਿਸ ਵੱਲੋਂ ਇਸ ਕੇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਇਸ ਦਾ ਇੱਕ ਕਥਿਤ ਮੁੱਖ ਮੁਲਜ਼ਮ ਨਾਗੇਸ਼ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਹ ਹੈ ਮਾਮਲਾ:ਉੱਧਰ ਪੁਲਿਸ ਦੇ ਐੱਸਪੀ ਦਿਹਾਤੀ ਡਾ. ਸਰਬਜੀਤ ਸਿੰਘ ਬਾਹੀਆ ਦਾ ਵੀ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਬਾਵਜੂਦ ਇਸ ਦੇ ਇਹ ਮਾਮਲਾ ਅੱਜ ਵੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ, ਅਜੇ ਵੀ ਇਸ ਦੇ ਪੂਰੇ ਤਾਰ ਆਪਸ (Co operative Ucha village scam case) ਵਿੱਚ ਨਹੀਂ ਜੁੜੇ ਹਨ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜੋ ਛਾਣਬੀਨ ਕੀਤੀ ਜਾਣੀ ਹੈ, ਉਸ ਲਈ ਸਹਿਕਾਰਤਾ ਬੈਂਕ ਵੱਲੋਂ ਪੂਰੇ ਸਬੂਤ ਅਤੇ ਕਾਗਜ਼ਾਤ ਮੁਹੱਈਆ ਨਹੀਂ ਕਰਵਾਏ ਗਏ ਜਿਸ ਕਰਕੇ ਇਸ ਦੀ ਜਾਂਚ ਅਜੇ ਪੂਰੀ ਨਹੀਂ ਹੋਈ।