ਜਲੰਧਰ:ਸੋਸ਼ਲ ਮੀਡੀਆ ਨੇ ਇੱਕ ਪਾਸੇ ਕਈ ਕਈ ਦਹਾਕਿਆਂ ਤੋਂ ਵਿਛੜੇ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਆਪਸ ਵਿੱਚ ਮਿਲਾਇਆ ਹੈ ਇਸ ਦੇ ਨਾਲ ਨਾਲ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਹਜ਼ਾਰਾਂ ਲੋਕ ਅਜਿਹੇ ਹਨ ਜੋ ਆਪਣੇ ਜੀਵਨ ਸਾਥੀ ਨੂੰ ਵੀ ਚੁਣ ਰਹੇ ਹਨ। ਅਜਿਹਾ ਹੀ ਇੱਕ ਜੋੜੀ ਜਲੰਧਰ ਦੇ ਸ਼ਹੀਦ ਬਾਬਾ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਸਹਿਜ ਅਰੋੜਾ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਦੀ ਹੈ। ਸਹਿਜ ਅਰੋੜਾ ਜੋ ਕਿ ਇੱਕ ਗੁਰਸਿੱਖ ਪਰਿਵਾਰ ਤੋਂ ਹੈ। ਉਹ ਸ਼ਹੀਦ ਊਧਮ ਸਿੰਘ ਨਗਰ ਵਿਖੇ ਆਪਣੀ ਇੱਕ ਪੀਜ਼ਾ ਅਤੇ ਬਰਗਰ ਦੀ ਰੇਹੜੀ ਲਗਾਉਂਦਾ ਹੈ।
ਕਿਵੇਂ ਹੋਇਆ ਸੀ ਇਸ਼ਕ?: ਉਸ ਦੀ ਕੁਝ ਸਮਾਂ ਪਹਿਲਾਂ ਜੈਪੁਰ ਦੀ ਰਹਿਣ ਵਾਲੀ ਇੱਕ ਲੜਕੀ ਗੁਰਪ੍ਰੀਤ ਕੌਰ ਨਾਲ ਇੰਸਟਾਗ੍ਰਾਮ ’ਤੇ ਮੁਲਾਕਾਤ ਹੋਈ। ਹੌਲੀ-ਹੌਲੀ ਇੰਸਟਾਗ੍ਰਾਮ ਤੋਂ ਗੱਲ ਪਹਿਲਾਂ ਦੋਸਤੀ ਤੱਕ ਪਹੁੰਚੀ ਅਤੇ ਉਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। ਵਿਆਹ ਦੇ ਫ਼ੈਸਲੇ ਤੋਂ ਬਾਅਦ ਕੁਝ ਸਮਾਂ ਪਹਿਲਾਂ ਦੋਵਾਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਇਸ ਲਵ ਮੈਰਿਜ ਨੂੰ ਅਰੇਂਜ ਮੈਰਿਜ ਦਾ ਰੂਪ ਦਿੱਤਾ ਗਿਆ ਅਤੇ ਜੈਪੁਰ ਦੀ ਗੁਰਪ੍ਰੀਤ ਕੌਰ ਜਲੰਧਰ ਦੇ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਸਹਿਜ ਅਰੋੜਾ ਦੇ ਘਰ ਦੀ ਨੂੰਹ ਬਣ ਕੇ ਉਨ੍ਹਾਂ ਦੇ ਘਰ ਪਹੁੰਚੀ।
ਗੁਰਪ੍ਰੀਤ ਨੇ ਦੱਸੀ ਪਿਆਰ ਦੀ ਕਹਾਣੀ: ਗੁਰਪ੍ਰੀਤ ਕੌਰ ਦੱਸਦੀ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਹੀ ਉਸ ਨੇ ਸਹਿਜ ਅਰੋੜਾ ਨੂੰ ਪਸੰਦ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਸਹਿਜ ਇੱਕ ਪੀਜ਼ਾ ਬਰਗਰ ਦੀ ਰੇਹੜੀ ਚਲਾਉਂਦਾ ਹੈ। ਗੁਰਪ੍ਰੀਤ ਦੇ ਮੁਤਾਬਕ ਉਹ ਜਾਣਦੀ ਸੀ ਕਿ ਜਲੰਧਰ ਵਿੱਚ ਕੋਈ ਏਨੀ ਵੱਡੀ ਆਈਟੀ ਕੰਪਨੀ ਨਹੀਂ ਹੈ ਜਿਥੇ ਉਹ ਕੰਮ ਕਰ ਸਕੇ ਪਰ ਬਾਵਜੂਦ ਇਸ ਦੇ ਉਸ ਨੇ ਸਹਿਜ ਨਾਲ ਵਿਆਹ ਕਰਵਾਇਆ ਅਤੇ ਅੱਜ ਉਸੇ ਦੇ ਨਾਲ ਰਲ ਕੇ ਇਸ ਕੰਮ ਨੂੰ ਅੱਗੇ ਵਧਾ ਰਹੀ ਹੈ।
ਕਿਉਂ ਪਤੀ ਨਾਲ ਪੀਜ਼ਾ-ਬਰਗਰ ਦੀ ਰੇਹੜੀ ’ਤੇ ਕੰਮ ਕਰਨ ਦਾ ਲਿਆ ਫੈਸਲਾ?:ਗੁਰਪ੍ਰੀਤ ਦਾ ਕਹਿਣਾ ਹੈ ਕਿ ਉਸ ਨੂੰ ਇਸ ਕੰਮ ਨੂੰ ਕਰਨ ਵਿੱਚ ਕੋਈ ਵੀ ਸ਼ਰਮ ਨਹੀਂ ਕਿਉਂਕਿ ਇਹ ਆਪਣੇ ਪਤੀ ਨਾਲ ਰਲ ਕੇ ਉਸ ਦੇ ਇਸ ਕਾਰੋਬਾਰ ਵਿੱਚ ਸਾਥ ਦੇ ਰਹੀ ਹੈ। ਇਸਦੇ ਚੱਲਦੇ ਹੀ ਗੁਰਪ੍ਰੀਤ ਅੱਜ ਹੱਥਾਂ ਚ ਚੂੜਾ ਪਾ ਇੱਕ ਨਵੀਂ ਵਿਆਹੀ ਲਾੜੀ ਵਾਂਗ ਤਿਆਰ ਹੋ ਉਹ ਜਦ ਆਪਣੇ ਪਤੀ ਨਾਲ ਕੰਮ ’ਤੇ ਆਉਂਦੀ ਹੈ ਤਾਂ ਹਰ ਕੋਈ ਉਸ ਦੀ ਸ਼ਲਾਘਾ ਕਰਦਾ ਹੋਇਆ ਨਜ਼ਰ ਆਉਂਦਾ ਹੈ।