ਜਲੰਧਰ: ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਇੱਕ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਫਾਇਰਿੰਗ ਹੋ ਗਈ। ਇਸ ਗੋਲੀਬਾਰੀ ਤੋਂ ਬਾਅਦ ਰਿਜ਼ੋਰਟ 'ਚ ਹੜਕੰਪ ਮੱਚ ਗਿਆ। ਦੱਸ ਦਈਏ ਕਿ ਤੱਲ੍ਹਣ ਰੋਡ 'ਤੇ ਸਥਿਤ ਢਿੱਲੋਂ ਰਿਜ਼ੋਰਟ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ 35 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਨਮਦਿਨ ਦੀ ਪਾਰਟੀ ਦੌਰਾਨ ਚੱਲੀ ਗੋਲੀ:ਇਹ ਹਾਦਸਾ ਰਾਮਾਮੰਡੀ ਦੇ ਨਾਲ ਲੱਗਦੇ ਤੱਲ੍ਹਣ ਰੋਡ 'ਤੇ ਸਥਿਤ ਢਿੱਲੋਂ ਰਿਜ਼ੋਰਟ 'ਚ ਵਾਪਰਿਆ ਹੈ। ਢਿੱਲੋਂ ਰਿਜ਼ੋਰਟ ਵਿਖੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਰਿਸ਼ਤੇਦਾਰਾਂ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਗੁੱਸੇ 'ਚ ਆਏ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਐਨਆਰਆਈ ਨੌਜਵਾਨ ਦੀ ਮੌਕੇ ’ਤੇ ਹੀ ਹੋਈ ਮੌਤ:ਇਸ ਅਚਾਨਕ ਹੋਈ ਗੋਲੀਬਾਰੀ ਵਿੱਚ ਐਨਆਰਆਈ ਨੌਜਵਾਨ ਦੇ ਸਿਰ ਅਤੇ ਛਾਤੀ ਵਿੱਚ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ, ਜੋ ਕਿ ਐਨਆਰਆਈ ਸੀ। ਦਲਜੀਤ ਸਿੰਘ ਅਮਰੀਕੀ ਨਾਗਰਿਕ ਸੀ। ਜਾਣਕਾਰੀ ਅਨੁਸਾਰ ਗੋਲੀ ਮ੍ਰਿਤਕ ਦਲਜੀਤ ਸਿੰਘ ਦੇ ਜੀਜੇ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਚਲਾਈ ਸੀ।
ਇੱਕ ਨੌਜਵਾਨ ਹੋਇਆ ਜ਼ਖ਼ਮੀ:ਗੋਲੀਬਾਰੀ ਦੌਰਾਨ ਇੱਕ ਹੋਰ ਨੌਜਵਾਨ ਜੋ ਕਿ ਮਸਲੇ ਨੂੰ ਹੱਲ ਕਰਵਾਉਣ ਲਈ ਆਇਆ ਸੀ, ਉਹ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।ਜ਼ਖ਼ਮੀ ਨੌਜਵਾਨ ਦਾ ਜੌਹਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਾਇਰਿੰਗ ਕਰਨ ਤੋਂ ਬਾਅਦ ਮੁਲਡਮ ਮੌਕੇ ਤੋਂ ਫਰਾਰ ਹੋ ਗਏ।
ਮੌਕੇ ਉੱਤੇ ਪਹੁੰਚੀ ਪੁਲਿਸ:ਸੂਚਨਾ ਮਿਲਣ ਤੋਂ ਬਾਅਦ ਰਾਮਾਮੰਡੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ ਖੋਲ ਬਰਾਮਦ ਕੀਤੇ ਹਨ। ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।