ਜਲੰਧਰ: ਕੋਰੋਨਾ ਕਾਰਨ ਦੇਸ਼ 'ਚ 2 ਮਹੀਨੇ ਲੌਕਡਾਊਨ ਰਿਹਾ। ਇਨ੍ਹਾਂ ਦੋ ਮਹੀਨਿਆਂ ਦੌਰਾਨ ਬਹੁਤ ਸਾਰੇ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਅਤੇ ਕਈਆਂ ਦੀ ਮੌਤ ਵੀ ਹੋਈ ਪਰ ਇਸ ਦੇ ਦੂਸਰੇ ਪਾਸੇ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਨ੍ਹਾਂ ਦੋ ਮਹੀਨੇ ਦੌਰਾਨ ਹੀ ਉਹ ਖੁਸ਼ੀਆਂ ਪ੍ਰਾਪਤ ਹੋਈਆਂ। ਜਿਸ ਦਾ ਹਰ ਮਾਂ-ਬਾਪ ਨੂੰ ਇੰਤਜ਼ਾਰ ਰਹਿੰਦਾ ਹੈ। ਜਲੰਧਰ ਵਿੱਚ ਇਨ੍ਹਾਂ ਦੋ ਮਹੀਨਿਆਂ ਦੌਰਾਨ 800 ਦੇ ਕਰੀਬ ਬੱਚਿਆਂ ਨੇ ਜਨਮ ਲਿਆ।
ਜਲੰਧਰ ਦੇ ਅਲੱਗ-ਅਲੱਗ ਹਸਪਤਾਲਾਂ ਵਿੱਚ ਮਾਂ ਬਣਨ ਦਾ ਸੁੱਖ ਪ੍ਰਾਪਤ ਕਰ ਚੁੱਕੀਆਂ, ਇਹ ਮਾਵਾਂ ਬੇਹੱਦ ਖੁਸ਼ ਨਜ਼ਰ ਆ ਰਹੀਆਂ ਹਨ। ਹੋਣ ਵੀ ਕਿਉਂ ਨਾ ਕਰਫਿਊ ਦੇ ਦੌਰਾਨ ਜਿੱਥੇ ਹਰ ਕੋਈ ਦਹਿਸ਼ਤ ਵਿੱਚ ਸੀ, ਉੱਥੇ ਇਸੇ ਸਮੇਂ ਦੌਰਾਨ ਰੱਬ ਨੇ ਇਨ੍ਹਾਂ ਨੂੰ ਖੁਸ਼ੀਆਂ ਨਾਲ ਨਵਾਜਿਆ ਹੈ।
ਕਰਫਿਊ ਦੌਰਾਨ ਪੰਜਾਬ ਵਿੱਚ ਗਰਭਵਤੀ ਮਹਿਲਾਵਾਂ ਨੂੰ ਹਸਪਤਾਲ ਆਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਦਾ ਖਾਸ ਇੰਤਜ਼ਾਮ ਕੀਤਾ ਗਿਆ ਸੀ। ਹਸਪਤਾਲ ਵਿੱਚ ਮੌਜੂਦ ਐਂਬੁਲੈਂਸਾਂ ਅਤੇ ਹੋਰ ਸਟਾਫ਼ ਇਨ੍ਹਾਂ ਲਈ 24 ਘੰਟੇ ਤੋਂ ਕੰਮ ਕਰ ਰਿਹਾ ਸੀ, ਹਾਲਾਂਕਿ ਇਸ ਦੌਰਾਨ ਦੂਰ ਦਰਾਜ ਪਿੰਡਾਂ ਤੋਂ ਸ਼ਹਿਰ ਆ ਕੇ ਆਪਣਾ ਇਲਾਜ ਕਰਵਾਉਣ ਵਾਲੀਆਂ ਇਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਥੋੜ੍ਹੀ ਪਰੇਸ਼ਾਨੀ ਤਾਂ ਹੋਈ ਪਰ ਬੱਸਾਂ ਅਤੇ ਆਟੋ ਦੇ ਬੰਦ ਹੋਣ ਤੋਂ ਬਾਅਦ ਇਨ੍ਹਾਂ ਨੇ ਆਪਣੇ ਨਿੱਜੀ ਵਾਹਨਾਂ 'ਤੇ ਸਫ਼ਰ ਕੀਤਾ। ਇਸ ਦੌਰਾਨ ਜਗ੍ਹਾ-ਜਗ੍ਹਾ 'ਤੇ ਤੈਨਾਤ ਪੁਲਿਸ ਨੇ ਵੀ ਇਨ੍ਹਾਂ ਦੀ ਮਦਦ ਕੀਤੀ ਤਾਂ ਕਿ ਆਪਣੇ ਇਲਾਜ ਲਈ ਸ਼ਹਿਰ ਹਸਪਤਾਲਾਂ ਵਿੱਚ ਆਉਣ ਲਈ ਇਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਜਲੰਧਰ ਵਿੱਚ ਆਮ ਤੌਰ 'ਤੇ ਬਹੁਤ ਸਾਰੇ ਪਰਿਵਾਰ ਮਹਿਲਾਵਾਂ ਦੀ ਡਿਲੀਵਰੀ ਲਈ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਾਉਂਦੇ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਨ੍ਹਾਂ ਕੋਲੋਂ ਮੋਟੀ ਫੀਸ ਲਈ ਜਾਂਦੀ ਹੈ। ਪਰ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੇ ਇਸ ਕੰਮ ਲਈ ਸਿਵਲ ਹਸਪਤਾਲ ਦਾ ਰੁੱਖ ਕੀਤਾ।