ਜਲੰਧਰ: ਦੇਸ਼ ਭਰ 'ਚ ਲੱਗੇ ਲੌਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਇਲਾਕਿਆਂ 'ਚ ਵੱਖੋਂ-ਵੱਖ ਥਾਵਾਂ ਤੋਂ ਕਈ ਨੌਜਵਾਨ, ਮਜ਼ਦੂਰ, ਵਿਦਿਆਰਥੀ ਅਤੇ ਸੈਲਾਨੀ ਫਸ ਗਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸੂਬੇ 'ਚ ਵਾਪਸ ਭੇਜਣ ਲਈ ਸਰਕਾਰਾਂ ਜੱਦੋ ਜਹਿਦ ਕਰ ਰਹੀਆਂ ਹਨ। ਜਲੰਧਰ 'ਚ ਜੰਮੂ ਕਸ਼ਮੀਰ ਦੇ ਕਈ ਥਾਵਾਂ ਤੋਂ ਫਸੇ 60 ਪਰਵਾਸੀ ਨੌਜਵਾਨਾਂ ਨੂੰ ਅੱਜ ਬੱਸਾਂ ਰਾਹੀਂ ਉਨ੍ਹਾਂ ਦੇ ਆਪਣੇ ਇਲਾਕੇ ਲਈ ਰਵਾਨਾ ਕੀਤਾ ਗਿਆ ਹੈ।
ਜਲੰਧਰ 'ਚ ਫਸੇ 60 ਪਰਵਾਸੀ ਨੌਜਵਾਨਾਂ ਨੂੰ ਜੰਮੂ-ਕਸ਼ਮੀਰ ਕੀਤਾ ਗਿਆ ਰਵਾਨਾ - ਕੋਵਿਡ-19
ਜੰਮੂ ਕਸ਼ਮੀਰ ਤੋਂ ਜਲੰਧਰ 'ਚ ਫਸੇ 60 ਪਰਵਾਸੀ ਨੌਜਵਾਨਾਂ ਨੂੰ ਬੱਸਾਂ ਰਾਹੀਂ ਉਨ੍ਹਾਂ ਦੇ ਆਪਣੇ ਇਲਾਕੇ ਲਈ ਰਵਾਨਾ ਕੀਤਾ ਗਿਆ ਹੈ। ਇਹ ਕਦਮ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦੇ ਸਾਂਝੇ ਉਪਰਾਲੇ ਨਾਲ ਹੀ ਚੁੱਕਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਨੌਜਵਾਨ ਸ਼ਾਲ ਬਣਾਉਣ ਦਾ ਕੰਮ ਕਰਦੇ ਹਨ ਅਤੇ ਪਿਛਲੇ ਡੇਢ ਮਹੀਨੇ ਤੋਂ ਜਲੰਧਰ 'ਚ ਫਸੇ ਸਨ। ਗੱਲ ਸਾਂਝੀ ਕਰਦਿਆਂ ਕਸ਼ਮੀਰੀ ਨੌਜਵਾਨ ਬਸ਼ੀਰ ਅਹਿਮਦ ਨੇ ਦੱਸਿਆ ਕੀ ਉਹ ਸਰਦੀਆਂ ਦੌਰਾਨ ਜੰਮੂ ਕਸ਼ਮੀਰ ਦੇ ਪਹਾੜੀ ਇਲਾਕੇ ਤੋਂ ਪੰਜਾਬ ਵਿੱਚ ਲੇਬਰ ਦਾ ਕੰਮ ਕਰਨ ਲਈ ਆਉਂਦੇ ਹਨ ਅਤੇ ਗਰਮੀਆਂ ਹੁੰਦੇ ਹੀ ਵਾਪਸ ਚਲੇ ਜਾਂਦੇ ਹਨ। ਪਰ ਇਸ ਵਾਰ ਲੌਕਡਾਊਨ ਕਾਰਨ ਉਹ ਪੰਜਾਬ ਵਿੱਚ ਵੀ ਫਸ ਗਏ ਹਨ। ਉਨ੍ਹਾਂ ਘਰ ਵਾਪਸ ਜਾਣ ਦੀ ਖ਼ੁਸ਼ੀ 'ਚ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ।
ਦੱਸਣਯੋਗ ਹੈ ਕਿ ਜਲੰਧਰ 'ਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਅਤੇ ਜੰਮੂ ਕਸ਼ਮੀਰ ਸਰਕਾਰ ਵੱਲੋਂ ਕੀਤੇ ਸਾਂਝੇ ਉਪਰਾਲੇ ਸਦਕਾ ਹੀ ਵਾਪਸ ਭੇਜਿਆ ਜਾ ਸਕਿਆ ਹੈ।