ਜਲੰਧਰ: ਨਕੋਦਰ-ਮਲਸੀਆਂ ਹਾਈਵੇ ਤੇ ਭਿਆਨਕ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇ ਦੋਸਤ ਹਰਦੀਪ ਸਿੰਘ ਉਰਫ਼ ਸੋਨੂੰ ਪੁੱਤਰ ਚਰਨ ਸਿੰਘ ਵਾਸੀ ਪਿੰਡ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ (ਕਪੂਰਥਲਾ) ਅਤੇ ਜਸਵਿੰਦਰ ਸਿੰਘ ਉਰਫ਼ ਬੱਬਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ (ਕਪੂਰਥਲਾ) ਜੋ ਕੇ.ਟੀ.ਐੱਮ. ਮੋਟਰਸਾਈਕਲ (ਬਿਨਾਂ ਨੰਬਰੀ) ’ਤੇ ਨਕੋਦਰ ਵਿਖੇ ਮੱਥਾ ਟੇਕ ਕੇ ਵਾਪਸ ਪਿੰਡ ਜਾ ਰਹੇ ਸਨ। ਜਦੋਂ ਇਹ ਪਿੰਡ ਕਾਂਗਣਾ ਮੋੜ ਨਜ਼ਦੀਕ ਪਹੁੰਚੇ ਤਾਂ ਇੰਨਾਂ ਦੇ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਂਗਣਾ ਮੋੜ ਤੋਂ ਪਹਿਲਾਂ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਅੱਗੇ ਜਾ ਰਹੇ ਇੱਕ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਡਿਵਾਈਡਰ ਨਾਲ ਟਕਰਾ ਕੇ ਡਿਵਾਈਡਰ ਵਿਚਾਲੇ ਲੱਗੇ ਬੋਰਡ ਵਿੱਚ ਵੱਜਾ ਤੇ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਤੇਜ ਰਫ਼ਤਾਰ ਨੇ ਉਜਾੜੇ 2 ਘਰ
ਨਕੋਦਰ-ਮਲਸੀਆਂ ਹਾਈਵੇ ’ਤੇ ਹਾਦਸਾ ਹੋਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਹਾਦਸਾਗ੍ਰਸਤ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਧਰ ਦੂਸਰੇ ਪਾਸੇ ਜਿਸ ਮੋਟਰਸਾਈਕਲ ਨਾਲ ਇੰਨਾਂ ਦੀ ਟੱਕਰ ਹੋਈ ਸੀ, ਉਸ ਨੂੰ ਦਲਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸਰਾਏ ਖਾਸ ਥਾਣਾ ਸਦਰ ਨਕੋਦਰ ਚਲਾ ਰਿਹਾ ਸੀ ਤੇ ਉਸਦੇ ਨਾਲ ਉਸਦੀ ਪਤਨੀ ਬਲਦੀਸ਼ ਕੌਰ, ਚਾਰ ਸਾਲ ਦਾ ਬੱਚਾ ਪ੍ਰਿਤਪਾਲ ਸਿੰਘ ਅਤੇ ਇੱਕ ਸਾਲ ਦਾ ਬੱਚਾ ਸਹਿਜਬੀਰ ਸਿੰਘ ਸਵਾਰ ਸਨ, ਜੋ ਕਿ ਗੰਭੀਰ ਜ਼ਖਮੀ ਹੋ ਗਏ। ਇੰਨਾਂ ਨੂੰ ਤੁਰੰਤ ਸ਼ਾਹਕੋਟ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਇੰਨਾਂ ਨੂੰ ਜਲੰਧਰ ਰੈਫ਼ਰ ਕਰ ਦਿੱਤਾ।
ਹਾਦਸੇ ਬਾਰੇ ਪਤਾ ਲੱਗਣ ’ਤੇ ਮਲਸੀਆਂ ਪੁਲਿਸ ਚੌਂਕੀ ਦੇ ਏ.ਐੱਸ.ਆਈ. ਹਰਭਜਨ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿੰਨਾਂ ਦੋਵੇਂ ਨੌਜਵਾਨਾਂ ਦੀਆਂ ਲਾਸ਼ਾ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤੀਆਂ ਅਤੇ ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸਾਗ੍ਰਸਤ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।