ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਐਂਟੀ ਨਾਰਕੋਟਿਸ ਡਾਇਵ ਦੇ ਤਹਿਤ ਬੜੀ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਜਿਸ 'ਚ ਪੁਲਿਸ ਨੂੰ ਇੱਕ ਟਰੱਕ ਚੋਂ 2 ਕੁਇੰਟਲ 50 ਕਿੱਲੋ 730 ਗ੍ਰਾਮ ਭੁੱਕੀ ਚੁਰਾ ਪੋਸਤ ਬਰਾਮਦ ਹੋਇਆ ਹੈ, ਜੋ ਕਿ 13 ਬੋਰੀਆਂ 'ਚ ਸੀ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨੀਂ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਨੇ ਲੈਦਰ ਕੰਪਲੈਕਸ ਕਪੂਰਥਲਾ ਰੋਡ 'ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਸੀ, ਜਿਸ ਦੌਰਾਨ ਪੁਲਿਸ ਨੇ ਕਪੂਰਥਲਾ ਤੋਂ ਜਲੰਧਰ ਨੂੰ ਆ ਰਹੇ, ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪਰ ਟਰੱਕ ਚਾਲਕ ਟਰੱਕ ਨੂੰ ਲੈ ਕੇ ਫਰਾਰ ਹੋ ਗਿਆ। ਪੁਲਿਸ ਪਾਰਟੀ ਵੱਲੋਂ ਜਦੋਂ ਟਰੱਕ ਦਾ ਪਿੱਛਾ ਕੀਤਾ ਤਾਂ ਚਾਲਕ ਟਰੱਕ ਨੂੰ ਮਕਸੂਦਾਂ ਮੰਡੀ 'ਚ ਖੜਾ ਕਰਕੇ ਆਪ ਨੌ ਦੋ ਗਿਆਰਾਂ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਖੜੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਭਾਰੀ ਮਾਤਰਾ 'ਚ ਭੁੱਕੀ ਚੁਰਾ ਪੋਸਤ ਮਿਲਿਆ।