ਜਲੰਧਰ: ਦਿੱਲੀ ਦੇ ਨਿਜ਼ਾਮੂਦੀਨ ਵਿਖੇ ਮਰਕਜ਼ ਤੋਂ ਧਰਮ ਪ੍ਰਚਾਰ ਕਰਨ ਲਈ ਜਲੰਧਰ ਆਏ 18 ਲੋਕਾਂ ਨੂੰ ਸਿਹਤ ਵਿਭਾਗ ਨੇ ਆਪਣੇ ਘਰ ਵਿੱਚ ਰਹਿਣ ਦੀ ਹਦਾਇਤ ਦਿੱਤੀ ਹੈ। ਇਹ ਅਠਾਰਾਂ ਲੋਕ ਜਲੰਧਰ ਦੇ ਬਲਾਕ ਆਦਮਪੁਰ ਵਿਖੇ ਤਿੰਨ ਪਿੰਡਾਂ ਵਿੱਚੋਂ ਟਰੇਸ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 9 ਲੋਕ ਪਿੰਡ ਡਰੋਲੀ, 6 ਲੋਕ ਪਿੰਡ ਅਲਾਵਲਪੁਰ ਅਤੇ ਤਿੰਨ ਲੋਕ ਪਿੰਡ ਮਦਾਰਾ ਤੋਂ ਆਏ ਸੀ ਜਿਨ੍ਹਾਂ ਨੂੰ ਸਿਹਤ ਵਿਭਾਗ ਨੇ ਹੋਮ ਕੁਆਰੰਟੀਨ ਕਰ ਦਿੱਤਾ ਹੈ।
ਨਿਜ਼ਾਮੂਦੀਨ ਵਿਖੇ ਮਾਰਕਜ਼ ਤੋਂ ਆਏ 18 ਲੋਕਾਂ ਨੂੰ ਜਲੰਧਰ ਵਿਖੇ ਕੀਤਾ ਗਿਆ 'ਹੋਮ ਕੁਆਰੰਟੀਨ' - ਹੋਮ ਕੁਆਰੰਟੀਨ
ਦਿੱਲੀ ਦੇ ਨਿਜ਼ਾਮੂਦੀਨ ਵਿਖੇ ਮਾਰਕਜ਼ ਤੋਂ ਧਰਮ ਪ੍ਰਚਾਰ ਕਰਨ ਲਈ ਜਲੰਧਰ ਆਏ ਅਠਾਰਾਂ ਲੋਕਾਂ ਨੂੰ ਸਿਹਤ ਵਿਭਾਗ ਨੇ ਆਪਣੇ ਘਰ ਵਿੱਚ ਰਹਿਣ ਦੀ ਹਦਾਇਤ ਦਿੱਤੀ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਹੋਏ ਆਦਮਪੁਰ ਬਲਾਕ ਦੇ ਡਾਕਟਰ ਰਾਧੇ ਸ਼ਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਇੱਕ ਚਿੱਠੀ ਆਈ ਸੀ ਜਿਸ ਵਿੱਚ ਇਨ੍ਹਾਂ 18 ਲੋਕਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਹੋਮ ਕੁਆਰੰਟੀਨ ਕਰਕੇ ਇਨ੍ਹਾਂ ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਬਲਾਕ ਆਦਮਪੁਰ ਦੀ ਸਿਹਤ ਵਿਭਾਗ ਦੀ ਟੀਮ ਨੇ ਐਕਸ਼ਨ ਲੈਂਦੇ ਹੋਏ ਇਨ੍ਹਾਂ 18 ਬੰਦਿਆਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਹੈ ਅਤੇ ਇਨ੍ਹਾਂ 'ਤੇ ਨਜ਼ਰ ਵੀ ਰੱਖੀ ਜਾ ਰਹੀ ਹੈ।
ਇਹੀ ਨਹੀਂ ਇਨ੍ਹਾਂ ਲੋਕਾਂ ਦੇ ਘਰਦਿਆਂ ਨੂੰ ਵੀ ਹਦਾਇਤ ਦਿੱਤੀ ਹੈ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਹਰ ਨਿਰਦੇਸ਼ ਦੀ ਪਾਲਣਾ ਕਰਨ। ਡਾਕਟਰ ਰਾਧੇ ਸ਼ਾਮ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਜੇ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਉਸਦੀ ਰਿਪੋਰਟ ਟੈਸਟ ਲਈ ਭੇਜੀ ਜਾਏਗੀ ਅਤੇ ਅਗਲੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਏਗਾ।