ਜਲੰਧਰ: ਕੋਰੋਨਾ ਦੇ ਚੱਲਦਿਆਂ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ। ਲੌਕ ਡਾਊਨ ਕਾਰਨ ਕਈ ਲੋਕਾਂ ਦਾ ਰੁਜ਼ਗਾਰ ਜਾਣ ਨਾਲ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਚੱਲਦਿਆਂ ਜਲੰਧਰ 'ਚ ਸਮਾਜ ਸੇਵੀ ਸੰਸਥਾ 'ਆਖ਼ਰੀ ਉਮੀਦ' ਲੋਕਾਂ ਦੀ ਸੇਵਾ ਕਰ ਰਹੀ ਹੈ। ਸੰਸਥਾ ਵਲੋਂ ਜਿਥੇ ਲੌਕ ਡਾਊਨ 'ਚ ਆਪਣੀ ਸੇਵਾ ਜਾਰੀ ਰੱਖੀ ਗਈ,ਉਥੇ ਹੀ ਸੰਸਥਾ ਵਲੋਂ ਸਮਾਜ ਸੇਵਾ ਦਾ ਆਪਣਾ ਕੰਮ ਜਾਰੀ ਰੱਖਿਆ ਹੈ। ਆਖ਼ਰੀ ਉਮੀਦ ਸੰਸਥਾ ਵਲੋਂ 11 ਰੁਪਏ 'ਚ ਜਿਥੇ ਲੋਕਾਂ ਦਾ ਢਿੱਡ ਭਰਿਆ ਜਾ ਰਿਹਾ ਹੈ, ਉਥੇ ਹੀ ਰੋਜ਼ਾਨਾ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਚੀਜਾਂ ਵੀ 11 ਰੁਪਏ 'ਚ ਵੇਚੀਆਂ ਜਾ ਰਹੀਆਂ ਹਨ।
11 ਰੁਪਏ 'ਚ ਮਿਲਦਾ ਹੈ ਭੋਜਨ ਅਤੇ ਦਵਾਈ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਸੰਚਾਲਕ ਨੇ ਦੱਸਿਆ ਕਿ ਉਨ੍ਹਾਂ ਵਲੋਂ 11 ਰੁਪਏ 'ਚ ਰੋਜ਼ਾਨਾ ਦੁਪਹਿਰ ਸਮੇਂ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਲੋਕ ਇਥੇ ਆ ਕੇ ਭੋਜਨ ਚੱਕ ਸਕਣ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਡਾਕਟਰ ਵਲੋਂ ਲੋਕਾਂ ਦਾ ਚੈਕਅੱਪ ਕੀਤਾ ਜਾਂਦਾ ਹੈ ਅਤੇ 11 ਰੁਪਏ 'ਚ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
11 ਰੁਪਏ 'ਚ ਐਂਬੂਲੈਂਸ
ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਜ਼ਲਦ ਹੀ ਐਂਬੂਲੈਂਸ ਦੀ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਐਂਬੂਲੈਂਸ ਦਾ ਕਿਰਾਇਆ ਵੀ 11 ਰੁਪਏ ਹੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ 'ਚ ਮਰੀਜ਼ ਨੇ ਚਾਹੇ ਜਲੰਧਰ ਜਾਣਾ ਹੋਵੇ ਜਾਂ ਕਿਸੇ ਹੋਰ ਜ਼ਿਲ੍ਹੇ ਉਸ ਕੋਲੋਂ ਮਹਿਜ਼ 11 ਰੁਪਏ ਹੀ ਲਏ ਜਾਣਗੇ।