ਪੰਜਾਬ

punjab

ETV Bharat / state

ਜਲੰਧਰ ਵਿਧਾਨ ਸਭਾ ਹਲਕਿਆਂ ’ਚ ਚੋਣ ਮੈਦਾਨ ’ਚ 107 ਉਮੀਦਵਾਰ, ਪ੍ਰਸ਼ਾਸਨ ਤਿਆਰ - ਨਾਮਜ਼ਦਗੀ ਪੱਤਰਾਂ ਦੀ ਪੜਤਾਲ

ਜਲੰਧਰ ਜ਼ਿਲ੍ਹੇ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਵਿੱਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 107 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਕੁੱਲ 16.51 ਲੱਖ ਦੇ ਕਰੀਬ ਵੋਟਰ ਹਨ ਜੋ ਇਹਨਾਂ ਦੀ ਜਿੱਤ ਦਾ ਫੈਸਲਾ ਕਰਨਗੇ।

ਚੋਣ ਮੈਦਾਨ ’ਚ 107 ਉਮੀਦਵਾਰ
ਚੋਣ ਮੈਦਾਨ ’ਚ 107 ਉਮੀਦਵਾਰ

By

Published : Feb 3, 2022, 7:09 AM IST

ਜਲੰਧਰ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ 20 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਹੈ। ਜਲੰਧਰ ਜ਼ਿਲ੍ਹੇ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਵਿੱਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 107 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।

ਇਹ ਵੀ ਪੜੋ:ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਵਿਰੁੱਧ ਲੜਨਗੇ 12 ਹੋਰ ਉਮੀਦਵਾਰ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲੌਰ ਹਲਕੇ ਤੋਂ 16 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਛਾਉਣੀ ਅਤੇ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ ਕ੍ਰਮਵਾਰ 13, 14, 9, 13, 8, 12, 12 ਅਤੇ 10 ਉਮੀਦਵਾਰ ਰਹਿ ਗਏ ਹਨ। ਇਨ੍ਹਾਂ ਵਿੱਚੋਂ ਕੁੱਲ 31 ਉਮੀਦਵਾਰਾਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਹਨ ਜਦਕਿ 76 ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਲੜ ਰਹੇ ਹਨ।

4 ਫਰਵਰੀ ਨੂੰ ਵਾਪਸ ਲਏ ਜਾ ਸਕਦੇ ਹਨ ਪੱਤਰ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ ਅਤੇ ਨਾਮਜ਼ਦਗੀਆਂ ਦੀ ਵਾਪਸੀ ਉਪਰੰਤ ਯੋਗ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 20 ਫਰਵਰੀ, 2020 ਨੂੰ ਪੈਣਗੀਆਂ ਜਦਕਿ ਗਿਣਤੀ 10 ਮਾਰਚ ਨੂੰ ਹੋਵੇਗੀ। ਇਸਤੋਂ ਅਲਾਵਾ ਜਿਲੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਅਧਿਕਾਰੀਆਂ ਨੂੰ ਚੋਣਾਂ ਨਾਲ ਸਬੰਧਤ ਸਮੁੱਚੇ ਕੰਮ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਰਨ ਦੇ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

15,000 ਤੋਂ ਵੱਧ ਕਰਮਚਾਰੀ ਤਾਇਨਾਤ

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਚੋਣ ਅਮਲੇ ਦੀ ਤਾਇਨਾਤੀ ਲਈ ਦੂਜੀ ਰੈਂਡਮਾਈਜੇਸ਼ਨ ਕੀਤੀ ਗਈ।

ਪ੍ਰਸ਼ਾਸਨ ਤਿਆਰ

ਚੋਣ ਅਬਜ਼ਰਵਰ ਮਨੋਜ ਕੁਮਾਰ, ਡਾ. ਸਰੋਜ ਕੁਮਾਰ, ਭੁਪਿੰਦਰਾ ਐਸ. ਚੌਧਰੀ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਮੌਜੂਦਗੀ ਵਿੱਚ ਰੈਂਡਮਾਈਜੇਸ਼ਨ ਕੀਤੀ ਗਈ। ਕੇਂਦਰ ਅਤੇ ਰਾਜ ਸਰਕਾਰ, ਬੈਂਕਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਦੇ 12097 ਤੋਂ ਵੱਧ ਕਰਮਚਾਰੀਆਂ ਦੀ ਤਾਇਨਾਤੀ ਲਈ ਇਹ ਰੈਂਡਮਾਈਜ਼ੇਸ਼ਨ ਕੀਤੀ ਗਈ, ਜਿਨ੍ਹਾਂ ਨੂੰ ਚੋਣਾਂ ਦੌਰਾਨ ਕਈ ਡਿਊਟੀਆਂ ਸੌਂਪੀਆਂ ਗਈਆਂ ਹਨ। ਚੋਣਾਂ ਵਿੱਚ ਲੋੜ ਅਨੁਸਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਮਾਈਕਰੋ-ਆਬਜ਼ਰਵਰਾਂ ਦੇ ਤੌਰ ’ਤੇ ਲੈਣ ਤੋਂ ਇਲਾਵਾ ਕਾਊਂਟਿੰਗ, ਪੋਲਿੰਗ ਅਤੇ ਸਹਾਇਕ ਸਟਾਫ਼ ਵਜੋਂ ਡਿਊਟੀਆਂ ਲਗਾਈਆਂ ਗਈਆਂ ਹਨ।

ਰੈਂਡਮਾਈਜ਼ੇਸ਼ਨ ਦਾ ਉਦੇਸ਼ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸਟਾਫ਼ ਨੂੰ ਡਿਊਟੀਆਂ ਸੌਂਪਣਾ ਸੀ। ਜ਼ਿਲ੍ਹੇ ਦੇ 1975 ਬੂਥਾਂ 'ਤੇ 1975 ਪੋਲਿੰਗ ਪਾਰਟੀਆਂ ਦੀ ਤਾਇਨਾਤੀ ਲਈ ਰੈਂਡਮਾਈਜ਼ੇਸ਼ਨ ਕੀਤੀ ਗਈ। ਚੋਣਾਂ ਦੌਰਾਨ ਕੁੱਲ 10712 ਮੁਲਾਜ਼ਮਾਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ (ਪੀ.ਆਰ.ਓ.), ਪੋਲਿੰਗ ਅਫ਼ਸਰ (ਪੀ.ਓ.) ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ 10 ਮਾਰਚ ਨੂੰ ਹੋਣ ਵਾਲੀ ਗਿਣਤੀ ਲਈ ਵੀ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਜਾਵੇਗਾ। ਜ਼ਿਲ੍ਹੇ ਦੇ ਸਮੁੱਚੇ 1975 ਪੋਲਿੰਗ ਸਟੇਸ਼ਨਾਂ ਲਈ ਸਟਾਫ਼ ਵਿੱਚ 2678 ਪੀ.ਆਰ.ਓ. ਅਤੇ 8034 ਪੀ.ਓ. ਸ਼ਾਮਲ ਸਨ।

ਇਹ ਵੀ ਪੜੋ:ਕਾਂਗਰਸ ਵਲੋਂ ਉੱਤਰਾਖੰਡ ਲਈ ਸਟਾਰ ਪ੍ਰਚਾਰਕ ਦੀ ਸੂਚੀ 'ਚ ਸੀਐਮ ਚੰਨੀ ਵੀ ਸ਼ਾਮਲ

ਇਸ ਦੌਰਾਨ ਜ਼ਿਲ੍ਹੇ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਵਿੱਚ ਮਾਈਕਰੋ ਅਬਜ਼ਰਵਰਾਂ ਦੀ ਤਾਇਨਾਤੀ ਲਈ ਪਹਿਲੀ ਰੈਂਡਮਾਈਜ਼ੇਸ਼ਨ ਵੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਪੋਲਿੰਗ ਵਾਲੇ ਦਿਨ ਕੁੱਲ 1385 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ, ਜੋ ਕਿ ਸ਼ਾਂਤਮਈ ਵੋਟਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਪੋਲ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਕੁੱਲ 16.51 ਲੱਖ ਦੇ ਕਰੀਬ ਵੋਟਰ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੋਲਿੰਗ ਸਟਾਫ਼ ਅਤੇ ਰਿਟਰਨਿੰਗ ਅਫ਼ਸਰ ਦੇ ਸਹਾਇਕ ਸਟਾਫ਼ ਸਮੇਤ 15000 ਦੇ ਕਰੀਬ ਮੁਲਾਜ਼ਮ ਚੋਣ ਡਿਊਟੀਆਂ 'ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ABOUT THE AUTHOR

...view details