ਹੁਸ਼ਿਆਰਪੁਰ :ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਵਿੱਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇੱਥੇ ਕਸਬਾ ਸੈਲਾ ਖ਼ੁਰਦ ਵਿੱਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ 5 ਗੱਡੀਆਂ ਉੱਤੇ ਸਵਾਰ ਹੋਕੇ ਆਏ ਨੌਜਵਾਨਾਂ ਵਲੋਂ ਪਹਿਲਾਂ ਸਮਾਨ ਖਰੀਦਣ ਸਮੇਂ ਦੁਕਾਨਦਾਰ ਨਾਲ ਬਹਿਸ ਕੀਤੀ ਗਈ ਅਤੇ ਉਸ ਤੋਂ ਬਾਅਦ ਉਸੇ ਦੁਕਾਨਦਾਰ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਦੂਜੇ ਪਾਸੇ ਉੱਥੇ ਗੁੱਸੇ ਵਿੱਚ ਆਏ ਲੋਕਾਂ ਨੇ ਨੌਜਵਾਨਾਂ ਦੀ ਗੱਡੀ ਨੂੰ ਅੱਗ ਲੱਗਾ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਨੌਜਵਾਨ ਮੌਕੇ ਉੱਤੇ ਆਪਣੀਆਂ ਗੱਡੀਆਂ ਵੀ ਛੱਡੇ ਕੇ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਕੀਤੀ ਹੈ।
ਦੁਕਾਨਦਾਰ ਉੱਤੇ ਹਮਲਾ :ਜਾਣਕਾਰੀ ਦਿੰਦਿਆਂ ਇਸ ਘਟਨਾ ਤੋਂ ਬਾਅਦ ਮੌਕੇ ਉੱਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਚਾਰ ਤੋਂ ਪੰਜ ਗੱਡੀਆਂ ਵਿੱਚ ਸਵਾਰ ਨੌਜਵਾਨ ਜਿਹੜੇ ਕਿ ਹੁਸ਼ਿਆਰਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ। ਰਾਹ ਵਿੱਚ ਜਦੋਂ ਸੈਲਾ ਖੁਰਦ ਪਹੁੰਚੇ ਤਾਂ ਉਹ ਇੱਕ ਦੁਕਾਨ ਉੱਤੇ ਸਮਾਨ ਲੈਣ ਲਈ ਉਤਰੇ। ਉੱਥੇ ਦੁਕਾਨਦਾਰ ਦੇ ਨਾਲ ਇਨ੍ਹਾਂ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਅਤੇ ਨੌਜਵਾਨਾਂ ਨੇ ਗੱਡੀਆਂ ਵਿਚੋਂ ਹਥਿਆਰ ਲੈ ਕੇ ਦੁਕਾਨ ਦੇ ਮਾਲਕ ਉੱਤੇ ਕਾਤਿਲਾਨਾ ਹਮਲਾ ਕਰ ਦਿੱਤਾ। ਪੀੜਤ ਦੁਕਾਨਦਾਰ ਦੀ ਪਛਾਣ ਗੁਲਸ਼ਨ ਕੁਮਾਰ ਵਾਸੀ ਖੁਸਪੱਦੀ ਦੇ ਲੜਕੇ ਰਾਹੁਲ ਵਜੋਂ ਹੋਈ ਹੈ। ਨੌਜਵਾਨਾਂ ਨੇ ਉਸ ਉਤੇ ਜਾਨਲੇਵਾ ਹਮਲਾ ਕੀਤਾ ਹੈ। ਇਸ ਦੌਰਾਨ ਜਦੋਂ ਬਾਕੀ ਦੁਕਾਨਦਾਰਾਂ ਅਤੇ ਰਾਹ ਜਾਂਦੇ ਲੋਕਾਂ ਨੂੰ ਹਮਲੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਨੌਜਵਾਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।