ਹੁਸ਼ਿਆਰਪੁਰ : ਕਸਬੇ ਚੱਬੇਵਾਲ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਸਾਰੀਆਂ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਅਚਾਨਕ ਲੱਗੀ ਅੱਗ ਵਿੱਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵੱਡੀ ਮਾਤਰਾਂ ਵਿੱਚ ਮਜ਼ਦੂਰਾਂ ਦਾ ਮਾਲੀ ਨੁਕਸਾਨ ਹੋਣ ਦੀ ਖ਼ਬਰ ਹੈ।
ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਚੱਬੇਵਾਲ ਦੇ ਮੁਖੀ ਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਇਸ ਤੋਂ ਬਾਅਦ ਅੱਗ ਬਝਾਊ ਦਸਤੇ ਨੂੰ ਬੁਲਾ ਕੇ ਅੱਗ ਨੂੰ ਬਝਾਉਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਤਹਿਸੀਲਦਾਰ ਹਰਵਿੰਦਰ ਸਿੰਘ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ।
ਅੱਗ ਲੱਗਣ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਸ਼ਾਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੈ। ਰੌਂਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਭੱਜ ਕੇ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਜਾਨਾਂ ਬਚਾਈਆਂ ਹਨ। ਮਜ਼ਦੂਰਾਂ ਨੇ ਕਿਹਾ ਕਿ ਝੁੱਗੀਆਂ ਵਿੱਚ ਪਿਆ ਸਾਰਾ ਸਮਾਨ ਸੜ੍ਹ ਕੇ ਸਵਾਹ ਹੋ ਚੁੱਕਿਆ ਹੈ। ਰੌਂਦੇ ਹੋਏ ਮਜ਼ਦੂਰਾਂ ਨੇ ਕਿਹਾ ਕਿ ਅੱਗੇ ਉਨ੍ਹਾਂ ਦਾ ਸਾਰਾ ਕੁਝ ਬਰਮਾਦ ਕਰ ਦਿੱਤਾ ਹੈ। ਉਨ੍ਹਾਂ ਕੋਲ ਹੁਣ ਪਾਉਣ ਲਈ ਕਪੜੇ ਤੇ ਖਾਣ ਲਈ ਕੋਈ ਰਸਦ ਤੱਕ ਨਹੀਂ ਬਚੀ ਹੈ।
ਥਾਣਾ ਮੁਖੀ ਚੱਬੇਵਾਲ ਰਜਿੰਦਰ ਸਿੰਘ ਨੇ ਕਿਹਾ ਅੱਗ ਸ਼ਾਟ ਸਰਕਟ ਦੇ ਕਾਰਨ ਲੱਗੀ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਅੱਗ ਲੱਗਣ ਅਤੇ ਹੋਏ ਨੁਕਸਾਨ ਦੀ ਜਾਂਚ ਚੱਲ ਰਹੀ ਹੈ।