ਹੁਸ਼ਿਆਰਪੁਰ: ਇਕ ਪਾਸੇ ਸ਼ਹਿਰ ਵਿਚ ਵਿਕਾਸ ਦੇ ਵੱਡੇ- ਵੱਡੇ ਦਾਅਵੇ ਕਰਦੇ ਸਿਆਸੀ ਲੀਡਰ ਥੱਕਦੇ ਨਹੀਂ ਤੇ ਦੂਜੇ ਪਾਸੇ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਸਿਆਸੀ ਲੀਡਰ ਆਪਣੀ ਪਿੱਠ ਖ਼ੁਦ ਥਪਥਪਾਉਣ ਦੀ ਐਨੀ ਕਾਹਲ ਵਿਚ ਹਨ ਕਿ ਸ਼ਹਿਰ ਵਿੱਚ ਵਿਕਾਸ ਦੇ ਨਾਮ ਤੇ ਅੱਜ ਹੋਈ ਬੇਮੌਸਮੀ ਬਾਰਿਸ਼ ਵਿਚ ਖੜ੍ਹੇ ਪਾਣੀ ਵਿੱਚ ਹੀ ਸੜਕ ਬਣਾਉਂਦੇ ਕਰਮਚਾਰੀ ਅਤੇ ਅਧਿਕਾਰੀ ਦਿਖਾਈ ਦੇ ਰਹੇ ਸਨ।
ਤੁਹਾਡੀ ਉਤਸੁਕਤਾ ਨੂੰ ਖ਼ਤਮ ਕਰਦਿਆਂ ਦੱਸਦੇ ਹਾਂ ਕਿ ਇਹ ਤਸਵੀਰਾਂ ਹਨ ਹੁਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਪ੍ਰੀਤ ਨਗਰ ਦੀਆ ਜਿੱਥੇ ਬਾਅਦ ਦੁਪਹਿਰ ਸ਼ਹਿਰ ਵਿਚ ਬਾਰਿਸ਼ ਹੋਈ ਤਾਂ ਇਸ ਦਰਮਿਆਨ ਪ੍ਰੀਤਨਗਰ ਦੇ ਵਿਚ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਗਈ। ਇਸ ਬਾਰੇ ਮੌਕੇ ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਬਾਰਿਸ਼ ਤੋਂ ਬਾਅਦ ਖੜੇ ਪਾਣੀ ਦੇ ਵਿਚ ਸੜਕ ਨਿਰਮਾਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਜਦੋਂ ਇਸ ਸਬੰਧੀ ਮੌਕੇ ਤੇ ਮੌਜੂਦ ਕੁਝ ਕਰਮਚਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰਾ ਦੇ ਕੇ ਜਾਂ ਤਾਂ ਖਿਸਕਦੇ ਨਜ਼ਰ ਆਏ ਜਾਂ ਉਨ੍ਹਾਂ ਦੇ ਕੋਲ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਇਕ ਕਰਮਚਾਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਥੇ ਤਾਂ ਬਾਰਿਸ਼ ਨਹੀਂ ਹੋਈ।