ਹੁਸ਼ਿਆਰਪੁਰ: ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਅੰਦਰ ਬਣਾਏ ਜਾਣ ਵਾਲੇ ਵੁੱਡ ਪਾਰਕ ਦੀ ਸਥਾਪਤੀ ਨਾਲ ਪਲਾਈਵੁੱਡ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਦੇ ਨਾਲ-ਨਾਲ ਇਸ ਉਦਯੋਗ ਨਾਲ ਜੁੜੇ ਕਿਸਾਨਾਂ ਨੂੰ ਸਫੈਦਾ ਅਤੇ ਪਾਪੂਲਰ ਦਾ ਵੀ ਵਧੀਆ ਮੁੱਲ ਮਿਲਿਆ ਕਰੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਕੀਤਾ ਗਿਆ।
ਹੁਸ਼ਿਆਰਪੁਰ ਦਸੂਹਾ ਰੋਡ ਤੋਂ ਪਲਾਈਵੁੱਡ ਪਾਰਕ ਨੂੰ ਜਾਂਦੀ ਲਿੰਕ ਰੋਡ ਦੇ ਕੰਮ ਦਾ ਉਦਘਾਟਨ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਸ਼ਾਮਚੁਰਾਸੀ ਤੋਂ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਉਪਰੰਤ ਉਦਯੋਗ ਮੰਤਰੀ ਨੇ ਦੱਸਿਆ ਕਿ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਇਹ ਢਾਈ ਕਿਲੋਮੀਟਰ ਲੰਬੀ ਸੜਕ ਦੀ ਉਸਾਰੀ, ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਆਉਂਦੇ ਕੁਝ ਮਹੀਨਿਆਂ ਵਿੱਚ ਮੁਕੰਮਲ ਕਰਕੇ ਪਲਾਈਵੁੱਡ ਪਾਰਕ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਦ ਹੀ ਵੁੱਡ ਪਾਰਕ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਨਾਲ ਇਲਾਕੇ 'ਚ ਪਲਾਈਵੁੱਡ ਇੰਡਸਟਰੀ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।