ਗੜ੍ਹਸ਼ੰਕਰ/ਹੁਸ਼ਿਆਰਪੁਰ:ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਇਬਰਾਹੀਮਪੁਰ ਜਿਹੜਾ ਕਿ ਚੰਡੀਗੜ੍ਹ ਰੋਡ ਉੱਤੇ ਸਥਿਤ ਹੈ, ਜੋ ਕਿ ਗੜ੍ਹਸ਼ੰਕਰ ਤੋਂ ਤਕਰੀਬਨ 2 ਕਿਲੋਮੀਟਰ ਦੂਰੀ ਉੱਤੇ ਸਥਿਤ ਹੈ। ਇਸ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਪਾਈ ਜਾਂਦੀ ਹੈ। ਪਿੰਡ ਦੇ ਲੋਕ ਮਾਣ ਮਹਿਸੂਸ ਕਰਦੇ ਹੋਏ ਕਹਿੰਦੇ ਹਨ ਕਿ ਇਸ ਪਿੰਡ ਦੀ ਨਵੀਂ ਦਿੱਖ ਪਿੰਡ ਦੇ ਲੋਕਾਂ ਦੀ ਚੰਗੀ ਸੋਚ ਅਤੇ ਐਨਆਰਆਈ ਵੀਰਾਂ ਦਾ ਸਹਿਯੋਗ ਹੈ।
ਪਿੰਡ ਵਾਸੀਆਂ ਤੇ NRIs ਨੇ ਮਿਲ ਕੇ ਬਦਲੀ ਪਿੰਡ ਇਬਰਾਹੀਮਪੁਰ ਦੀ ਤਸਵੀਰ, ਤੁਸੀਂ ਵੀ ਦੇਖੋ - ਹੁਸ਼ਿਆਰਪੁਰ ਦੀ ਤਹਿਸੀਲ
ਵਿਦੇਸ਼ਾਂ ਵਿੱਚ ਬੈਠੇ ਐਨਆਰਆਈ ਲੋਕਾਂ ਦਾ ਪੰਜਾਬ ਦੇ ਪਿੰਡਾਂ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਹਮੇਸ਼ਾਂ ਤੋਂ ਹੀ ਵਡਮੁੱਲਾ ਯੋਗਦਾਨ ਰਿਹਾ ਹੈ। ਗੱਲ ਜੇ ਗੜ੍ਹਸ਼ੰਕਰ ਦੇ ਪਿੰਡ ਇਬਰਾਹੀਮਪੁਰ ਦੀ ਕਰੀਏ ਤਾਂ ਪਿੰਡ ਵਾਸੀਆਂ ਦੀ ਸੂਝਬੂਝ ਅਤੇ ਐਨਆਰਆਈ ਭਰਾਵਾਂ ਦੀ ਬਦੌਲਤ ਇੱਥੇ ਕਿਸੇ ਨੂੰ ਵੀ ਪਿੰਡ ਦੇ ਵਿਕਾਸ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਹੈ।
ਆਪਸ ਵਿੱਚ ਭਾਈਚਾਰਕ ਸਾਂਝ: ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਿੰਡ ਦੇ ਭਾਵੇਂ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਵਸਦੇ ਹਨ। ਉਨ੍ਹਾਂ ਦਿੱਲ ਅੱਜ ਵੀ ਪੰਜਾਬ ਲਈ ਧੜਕਦਾ ਹੈ ਜਿਸ ਕਾਰਨ ਪਿੰਡ ਦੀ ਤਰੱਕੀ ਅਤੇ ਬਿਹਤਰੀ ਲਈ ਕੱਦੇ ਵੀ ਪਿੱਛੇ ਨਹੀਂ ਹੱਟਦੇ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵੜਦੇ ਸਾਰ ਹੀ ਪਿੰਡ ਦੀ ਨੁਹਾਰ ਦੇਖਣ ਨੂੰ ਮਿਲਦੀ ਹੈ। ਪਿੰਡ ਵਿੱਚ ਪੰਚਾਇਤ ਦੀ ਅਗਾਂਹਵਾਧੂ ਸੋਚ ਵੀ ਪਿੰਡ ਦੀ ਤਰੱਕੀ ਲਈ ਬਰਦਾਨ ਸਾਬਤ ਹੋ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾਂ ਨਹੀਂ ਕਰਦਾ ਅਤੇ ਨੌਜਵਾਨ ਪੀੜੀ ਅੱਜ ਖੇਡਾਂ ਵਿੱਚ ਮੱਲਾਂ ਮਾਰ ਰਹੀ ਹੈ। ਪਿੰਡ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਹੋਣ ਕਾਰਨ ਪਿੰਡ ਦਾ ਹਰ ਇੱਕ ਧਾਰਮਿਕ ਪ੍ਰੋਗਰਾਮ ਰਲ਼ ਮਿਲਕੇ ਮਨਾਇਆ ਜਾਂਦਾ ਹੈ।
ਪਿੰਡ ਦੀ ਹਰ ਗਲੀ ਪੱਕੀ: ਪਿੰਡ ਦੇ ਸਰਪੰਚ ਬਲਦੀਪ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਦੀ ਬਦੌਲਤ ਅੱਜ ਪਿੰਡ ਵਿੱਚ ਤਰੱਕੀ ਪੱਖੋਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਵਿੱਚ ਐਨ ਆਰ ਆਈ ਵੀਰਾਂ ਨੇ ਪਿੰਡ ਦੀ ਨੁਹਾਰ ਬਦਲੀ ਹੈ ਅਤੇ ਇਸ ਪਿੰਡ ਦੇ ਵਿੱਚ ਅਜਿਹੀ ਕੋਈ ਗਲੀ ਨਹੀਂ ਜਿਹੜੀ ਕਿ ਪੱਕੀ ਨਾਂ ਹੋਵੇ। ਪਿੰਡ ਦੇ ਸਰਪੰਚ ਬਲਦੀਪ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਐਨਆਰਆਈ ਵੀਰਾਂ ਦੀ ਬਦੌਲਤ ਪਿੰਡ ਦਾ ਸੁੰਦਰੀਕਰਨ ਕੀਤਾ ਹੋਇਆ ਹੈ ਅਤੇ ਇਸ ਪਿੰਡ ਦੇ ਨੌਜਵਾਨ ਖੇਡਾਂ ਨਾਲ ਜੁੜਕੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਹਨ। ਉੱਥੇ ਹੀ, ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਲੋਕ ਜਾਤਪਾਤ ਤੋਂ ਉੱਪਰ ਉਠ ਕੇ ਹਰ ਇੱਕ ਧਾਰਮਿਕ ਪ੍ਰੋਗਰਾਮ ਇਕੱਠੇ ਹੋ ਕੇ ਮਨਾਉਂਦੇ ਹਨ, ਜਿਹੜੀ ਕਿ ਆਲੇ ਦੁਆਲੇ ਦੇ ਪਿੰਡਾਂ ਲਈ ਇੱਕ ਮਿਸਾਲ ਹੈ।