ਹੁਸ਼ਿਆਰਪੁਰ: ਦੇਸ਼ ਦੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਹੁਸ਼ਿਆਰਪੁਰ ਪਹੁੰਚੇ। ਜਿੱਥੇ ਭਾਜਪਾ ਆਗੂਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਆਗਤ ਕੀਤਾ ਗਿਆ। ਕੇਂਦਰੀ ਮੰਤਰੀ ਦਾ ਹੁਸ਼ਿਆਰਪੁਰ ਦੌਰਾ ਅਹਿਮ ਹੈ ਕਿਉਂਕਿ ਉਨ੍ਹਾਂ ਵੱਲੋਂ ਫਗਵਾੜਾ-ਹੁਸ਼ਿਆਰਪੁਰ ਸੜਕ ਨੂੰ ਚਾਰ ਮਾਰਗੀ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰੈਲੀ ਨੂੰ ਸੰਬੋਧਨ ਕਰਦੇ ਆਖਿਆ ਕਿ ਪੰਜਾਬ 'ਚ ਕਈ ਥਾਵਾਂ 'ਤੇ ਸੜਕਾਂ ਨੂੰ ਚਾਰ ਮਾਰਗੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਨੂੰ ਅਪੀਲ: ਇਸ ਮੌਕੇ ਕੇਂਦਰੀ ਮੰਤਰੀ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਜ਼ਮੀਨਾਂ ਐਕਵਾਇਰ ਕਰਨ ਦੇ ਕੰਮ 'ਚ ਤੇਜ਼ੀ ਲੈ ਕੇ ਆਵੇ ਤਾਂ ਜੋ ਚਹੁੰਮਾਰਗੀ ਸੜਕਾਂ ਬਣਾਉਣ ਦਾ ਕੰਮ ਜਲਦੀ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਕਿਸਾਨੀ ਨੂੰ ਊਰਜਾਵਾਨ ਬਣਾਵਾਂਗੇ ਅਤੇ ਪਰਾਲੀ ਨੂੰ ਸਾੜਨ ਦੀ ਥਾਂ ਈਥੋਨਲ ਬਣਾਈ ਜਾਵੇਗੀ, ਜਿਸ ਨਾਲ ਗੱਡੀਆਂ ਚੱਲਣਗੀਆ। ਕੇਂਦਰੀ ਮੰਤਰੀ ਨੇ ਆਖਿਆ ਕਿ ਮੇਰੀ ਗੱਡੀ ਵੀ ਈਥੋਨਲ 'ਤੇ ਹੀ ਚੱਲਦੀ ਹੈ।