ਹੁਸ਼ਿਆਰਪੁਰ: ਪੰਜਾਬ 'ਚ ਆਏ ਦਿਨ ਗੋਲੀਆਂ ਚੱਲਣ ਦੀਆਂ ਖਬਰਾਂ ਆਮ ਹੀ ਹੋ ਗਈਆਂ ਨੇ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਇੰਝ ਜਾਪਦਾ ਹੈ ਕਿ ਸ਼ਰਾਰਤੀ ਅਨਸਰਾਂ ਵਿੱਚ ਪੁਲਿਸ ਦਾ ਕੋਈ ਵੀ ਖੌਫ ਨਹੀਂ ਹੈ। ਤਾਜ਼ਾ ਮਾਮਲਾ ਇੱਕ ਵਾਰ ਫਿਰ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਚੱਬੇਵਾਲ ਤੋਂ ਸਾਹਮਣੇ ਆਇਆ ਹੈ। ਇੱਥੇ ਬੀਤੀ ਦੇਰ ਰਾਤ ਕਰੀਬ 9 ਵਜੇ ਮੋਟਰਸਾਈਕਲ ਸਵਾਰ 2 ਨੌਜਵਾਨ ਵੱਲੋਂ ਚੱਬੇਵਾਲ ਦੇ ਭੀਲੋਵਾਲ ਚੌਂਕ ਵਿੱਚ ਸਥਿਤ ਇੱਕ ਹਾਰਡ ਵੇਅਰ ਦੀ ਦੁਕਾਨ ਉੱਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਅਣਪਛਾਤਿਆਂ ਨੇ ਦੁਕਾਨ ਉੱਤੇ ਕੀਤੀ ਫਾਇਰਿੰਗ, ਸੀਸੀਟੀਵੀ 'ਚ ਕੈਦ ਹੋਏ ਹਮਲਾਵਰ - ਹਮਲਾਵਰਾਂ ਦੀਆਂ ਸੀਸੀਟੀਵੀ ਤਸਵੀਰਾਂ
ਹੁਸ਼ਿਆਰਪੁਰ ਵਿੱਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚਾਰ ਫਾਇਰ ਕੀਤੇ। ਜਿਸ ਤੋਂ ਬਾਅਦ ਦੁਕਾਨ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ। ਫਾਇੰਰਿੰਗ ਮਗਰੋਂ ਹਮਲਾਵਰ ਫਰਾਰ ਹੋ ਗਏ।
ਜਾਨੀ ਨੁਕਸਾਨ ਤੋਂ ਬਚਾਅ:ਗੋਲੀਆਂ ਦੁਕਾਨ ਬਾਹਰ ਲੱਗੇ ਸ਼ੀਸ਼ੇ ਵਿੱਚ ਲੱਗੀਆਂ ਜਿਸ ਕਾਰਨ ਸ਼ੀਸਾ ਟੁੱਟ ਗਿਆ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਉੱਤੇ ਮੌਜੂਦ ਸੀ ਤਾਂ ਇਸ ਦੌਰਾਨ ਦੁਕਾਨ ਬਾਹਰ ਮੋਟਰਸਾਈਕਲ ਉੱਤੇ ਆਏ 2 ਨੌਜਵਾਨਾਂ ਨੇ ਆਉਂਦੇ ਸਾਰ ਹੀ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਵੱਲੋਂ 4 ਫਾਇਰ ਦੁਕਾਨ ਵੱਲ ਕੀਤੇ ਗਏ ਜੋ ਕਿ ਦੁਕਾਨ ਦੇ ਬਾਹਰਲੇ ਸ਼ੀਸ਼ੇ ਵਿੱਚ ਜਾ ਲੱਗੇ।
ਪੁਲਿਸ ਨੇ ਆਰੰਭੀ ਕਾਰਵਾਈ: ਦੁਕਾਨਦਾਰ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ ਪਰ ਫਿਰ ਵੀ ਪਤਾ ਨਹੀਂ ਕਿਸ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀ ਅਤੇ ਡੀਐਸਪੀ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚ ਗਏ ਅਤੇ ਸੀਸੀਟੀਵੀ ਨੂੰ ਖੰਗਾਲ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਦੋਵੇਂ ਹਮਲਾਵਰ ਸੀਸੀਟੀਵੀ ਵਿੱਚ ਵੀ ਕੈਦ ਹੋਏ ਹਨ ਅਤੇ ਹੁਣ ਸੀਸੀਟੀਵੀ ਨੂੰ ਆਧਾਰ ਬਣਾ ਕੇ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।