ਹੁਸ਼ਿਆਰਪੁਰ:ਅੱਜ ਸਵੇਰੇ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੁਕੇਰੀਆਂ ਦੀ ਸਹੋੜਾ ਕੰਢੀ ਨਹਿਰ ਵਿੱਚ ਨਹਾਉਣ ਗਏ 2 ਦੋਸਤਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਜਿਵੇਂ ਹੀ ਇਸ ਗੱਲ ਦਾ ਰੌਲਾ ਇਲਾਕੇ ਵਿੱਚ ਪਿਆ ਤਾਂ ਤੁਰੰਤ ਇਲਾਕਾ ਵਾਸੀਆਂ ਵੱਲੋਂ ਨੌਜਵਾਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਨਿਖਿਲ ਅਤੇ ਅਭੇ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨਾਂ ਦੀ ਉਮਰ ਮਹਿਜ਼ 18 ਸਾਲ ਦੇ ਕਰੀਬ ਹੈ ਅਤੇ ਦੋਵੇਂ ਨੌਜਵਾਨ ਦੋਸਤ ਸਨ।
ਮੁਕੇਰੀਆਂ ਵਿਖੇ ਨਹਿਰ 'ਚ ਡੁੱਬਣ ਕਾਰਣ ਦੋ ਨੌਜਵਾਨਾਂ ਦੀ ਮੌਤ, ਪਰਿਵਾਰਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ - Hoshiarpur news in Punjab
ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਨਾਲ ਲੱਗਦੇ ਪਿੰਡ ਸੋਹਣਾ ਕੰਢੀ ਦੇ ਦੋ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਪਹਿਲਾਂ ਵੀ ਨਹਿਰ ਵਿੱਚ ਨਹਾਉਣ ਜਾਂਦੇ ਸਨ ਪਰ ਇਸ ਵਾਰੀ ਹਾਦਸਾ ਵਾਪਰ ਗਿਆ।
ਪਰਿਵਾਰ ਉੱਤੇ ਟੁੱਟਿਆ ਦੁੱਖਾਂ ਦਾ ਪਹਾੜ: ਜਿਵੇਂ ਹੀ ਇਸ ਘਟਨਾ ਦਾ ਪਰਿਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਆਣ ਟੁੱਟਾ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁਕੇਰੀਆਂ ਦੀ ਇੱਕ ਨਹਿਰ ਵਿੱਚ ਕੁਝ ਦਿਨ ਪਹਿਲਾਂ ਇਕ ਵਕੀਲ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ ਜੋ ਕਿ ਐਨਆਰਆਈ ਸੀ। ਜੇਕਰ ਗਰਮੀਆਂ ਦੀ ਗੱਲ ਕਰੀਏ ਤਾਂ ਗਰਮੀਆਂ ਵਿੱਚ ਅਜਿਹੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕੁੱਝ ਨੌਜਵਾਨ ਇਨ੍ਹਾਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਜਿਸ ਕਾਰਨ ਖਮਿਆਜ਼ਾ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਭੁਗਤਣਾ ਪੈਂਦਾ ਹੈ।
ਪੁਲਿਸ ਨੇ ਦੱਸਿਆ ਮਾਮਲਾ: ਮਾਮਲੇ ਸਬੰਧੀ ਡੀਐਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚੋਂ ਦੋ ਬੱਚਿਆਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਨੌਜਵਾਨ ਨਹਿਰ 'ਚ ਨਹਾਉਣ ਲਈ ਜਾਂਦੇ ਸਨ। ਦੋਵੇਂ ਤੈਰਨਾ ਵੀ ਜਾਣਦੇ ਸਨ। ਦੋਵਾਂ ਵੱਲੋਂ ਕਈ ਲੋਕਾਂ ਨੂੰ ਨਹਿਰ ਵਿੱਚ ਡੁੱਬਣ ਤੋਂ ਵੀ ਬਚਾ ਗਿਆ ਸੀ,ਪਰ ਨੌਜਵਾਨ ਖੁੱਦ ਨਹਿਰ ਵਿੱਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਿਕ ਨਹਿਰ 'ਚ ਨਹਾਉਂਦੇ ਸਮੇਂ ਨੌਜਵਾਨਾਂ ਨੂੰ ਡੁੱਬਦਾ ਦੇਖ ਕੇ ਰਾਹਗੀਰਾਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਮੁਕੇਰੀਆਂ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ।