ਹੁਸ਼ਿਆਰਪੁਰ: ਖ਼ਬਰ ਹੁਸ਼ਿਆਰਪੁਰ ਨਜ਼ਦੀਕੀ ਕੰਢੀ ਇਲਾਕੇ ਦੇ ਪਿੰਡ ਕੂਕਾਨੇਟ ਦੀ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪੰਜਾਬ ਦੇ ਇੰਨ੍ਹਾਂ ਪਹਾੜੀ ਇਲਾਕਿਆਂ ਵੱਲ ਗਰਮੀ ਤੋਂ ਬਚਣ ਦੇ ਸੁਪਨੇ ਦੇਖਦੇ ਹੋਏ ਗੱਡੀਆਂ ਅਤੇ ਸਕੂਟਰਾਂ ’ਤੇ ਕੂਕਾਨੇਟ ਪਿੰਡ ਨਜ਼ਦੀਕ ਵਗਦੇ ਕੁਦਰਤੀ ਪਾਣੀ ਨੂੰ ਨਿਹਾਰਨ ਲਈ ਪੁੱਜਣ ਲੱਗੇ ਹਨ ਪਰ ਜਿੱਥੇ ਇਲਾਕੇ ਦੀਆਂ ਦੁਕਾਨਾਂ ਦਾ ਰੁਜ਼ਗਾਰ ਚੱਲਣਾ ਸ਼ੁਰੂ ਹੋਇਆ ਉੱਥੇ ਹੀ ਦੂਜੇ ਪਾਸੇ ਕੂਕਾਨੇਟ ਦੇ ਮੋਹਤਬਰ ਪਤਵੰਤੇ ਸੱਜਣਾਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਾਂਸ ਦੇ ਘਣੇ ਜੰਗਲਾਂ ਦੀ ਛਾਂ ਹੇਠ ਵਗਦੇ ਸਾਫ ਪਾਣੀ ਨੂੰ ਨਿਹਾਰਨ ਲਈ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਇੱਕ ਅਸਥਾਈ ਨਾਕਾ ਲਗਾ ਦਿੱਤਾ ਗਿਆ ਅਤੇ ਪਰਚੀਆਂ ਛਪਵਾ ਕੇ 300 ਰੁਪਏ ਚਾਰ ਪਹੀਆ ਵਾਹਨ ਅਤੇ ਇੱਕ 100 ਰੁਪਏ ਮੋਟਰਸਾਈਕਲ ਤੋਂ ਵਸੂਲਣੇ ਸ਼ੁਰੂ ਕੀਤੇ ਗਏ ਹਨ।
ਇਸ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਦੂਰੋਂ-ਦੂਰੋਂ ਆਉਣ ਵਾਲੇ ਸੈਲਾਨੀ ਜਾਂ ਲੋਕ ਇਸ ਇਲਾਕੇ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਗੰਦਗੀ ਫੈਲਾਉਣ ਤੋਂ ਇਲਾਵਾ ਇਸ ਇਲਾਕੇ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਤੋੜ ਕੇ ਜਾਂਦੇ ਹਨ ਅਤੇ ਖਰੂਦ ਵੀ ਮਚਾਉਂਦੇ ਹਨ ਜਿਸ ਨਾਲ ਜਿੱਥੇ ਇਲਾਕੇ ਦੀ ਸ਼ਾਂਤੀ ਭੰਗ ਹੁੰਦੀ ਹੈ ਉੱਥੇ ਹੀ ਇਲਾਕੇ ਵਿਚ ਗੰਦਗੀ ਫੈਲ ਰਹੀ ਹੈ।