ਹੁਸ਼ਿਆਰਪੁਰ:ਬੀਤੇ ਦਿਨ ਮੰਗਲਵਾਰ ਦੀ ਸ਼ਾਮ ਪਿੰਡ ਬਸੀ ਮਰੂਫ਼ ਨੇੜੇ ਕੰਢੀ ਕਨਾਲ ਨਹਿਰ ’ਚ ਨਹਾਉਂਦੇ ਤਿੰਨ ਨੌਜਵਾਨ ਤੇਜ਼ ਪਾਣੀ ਦੇ ਵਹਾਅ ’ਚ ਰੁੜ੍ਹ ਗਏ, ਜਿਨ੍ਹਾਂ ’ਚੋਂ ਦੋ ਨੌਜਵਾਨ ਤੈਰ ਕੇ ਬਾਹਰ ਆ ਗਏ, ਜਦਕਿ 1 ਨੌਜਵਾਨ ਦੀ ਪਾਣੀ ’ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰੁਸਤਮ (23) ਦੇ ਪਿਤਾ ਮਹੇਸ਼ ਸਾਹਨੀ ਵਾਸੀ ਮੁਹੱਲਾ ਆਕਾਸ਼ ਕਾਲੋਨੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਸੋਨੂੰ ਕੁਮਾਰ ਤੇ ਅਮਰਨਾਥ ਕੁਮਾਰ ਨਾਲ ਸ਼ਾਮ ਸਮੇਂ ਘੁੰਮਣ ਗਿਆ ਸੀ ਤੇ ਇਸ ਦੌਰਾਨ ਉਹ ਨਹਿਰ ’ਚ ਨਹਾਉਣ ਲੱਗ ਪਏ, ਉਸ ਸਮੇਂ ਇਹ ਭਾਣਾ ਵਾਪਰ ਗਿਆ।
ਮ੍ਰਿਤਕ ਦਾ 6 ਮਹੀਨੇ ਦਾ ਬੱਚਾ: ਮ੍ਰਿਤਕ ਦੇ ਪਿਤਾ ਮਹੇਸ਼ ਨੇ ਦੱਸਿਆ ਕਿ ਇਸ ਦੌਰਾਨ ਪੁੱਤ ਤੇਜ਼ ਪਾਣੀ ਦੇ ਵਹਾਅ ’ਚ ਆ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦਾ ਦੋਸਤ ਸੋਨੂੰ ਕੁਮਾਰ ਤੇ ਅਮਰਨਾਥ ਕੁਮਾਰ ਤੈਰ ਕੇ ਨਹਿਰ ’ਚੋਂ ਬਾਹਰ ਆ ਗਏ। ਉਸ ਨੇ ਦੱਸਿਆ ਕਿ ਰੁਸਤਮ ਫੇਰੀ ਲਗਾਉਣ ਦਾ ਕੰਮ ਕਰਦਾ ਸੀ ਤੇ ਉਸ ਦਾ ਇੱਕ 6 ਮਹੀਨੇ ਦਾ ਬੱਚਾ ਵੀ ਹੈ। ਪਿਤਾ ਨੇ ਦੱਸਿਆ ਕਿ ਕੁੱਲ 6 ਦੋਸਤ ਆਏ ਸੀ, ਜਿਨ੍ਹਾਂ ਚੋ ਤਿੰਨ ਨਹਿਰ ਅੰਦਰ ਨਹਾਉਣ ਗਏ ਅਤੇ ਤਿੰਨ ਬਾਹਰ ਸੀ। ਪਿਤਾ ਨੇ ਦੱਸਿਆ ਕਿ ਉਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ ਤੇ ਪਰਿਵਾਰ ਨਾਲ ਇੱਥੇ ਰਹਿ ਰਹੇ ਹਨ।