ਕਸਬਾ ਸੈਲਾ ਖੁਰਦ ਦੇ ਵਿੱਚ ਚੋਰਾਂ ਨੇ ਤਿੰਨ ਘਰਾਂ ਨੂੰ ਬਣਾਇਆ ਨਿਸ਼ਾਨਾ ਗੜ੍ਹਸ਼ੰਕਰ :ਗੜ੍ਹਸ਼ੰਕਰ ਇਲਾਕੇ ਦੇ ਵਿੱਚ ਹੋ ਰਹੀਆਂ ਲਗਾਤਾਰ ਚੋਰੀਆਂ ਦੇ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਵੀ ਨਜ਼ਰ ਆ ਰਹੀ ਹੈ। ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ ਦੇ ਵਿੱਚ ਚੋਰਾਂ ਨੇ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਕੇ 27 ਤੋਲੇ ਸੋਨਾ, 7 ਲੱਖ 30 ਹਜ਼ਾਰ ਰੁਪਏ ਅਤੇ ਘਰਾਂ ਦਾ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
27 ਤੋਲੇ ਸੋਨਾ ਚੋਰੀ :ਇਸ ਵਾਰਦਾਤ ਸਬੰਧੀ ਥਾਣਾ ਮਾਹਿਲਪੁਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਆਪਣੀ ਟੀਮ ਨਾਲ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ੈਲੀ ਗੁਪਤਾ ਪਤਨੀ ਅਸ਼ੋਕ ਗੁਪਤਾ ਸੈਲਾ ਖ਼ੁਰਦ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਔਰਤ ਨੇ ਹੀ 27 ਤੋਲੇ ਸੋਨਾ ਅਤੇ 7 ਲੱਖ 30 ਹਜ਼ਾਰ ਦੀ ਨਗਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਦੂਜੀ ਵਾਰਦਾਤ ਵਿੱਚ ਘਰ ਦਾ ਕੀਮਤੀ ਸਾਮਾਨ ਚੋਰੀ :ਉਥੇ ਹੀ ਦੂਜੀ ਵਾਰਦਾਤ ਵਿੱਚ ਨਰਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਚੋਰ ਖਿੜਕੀਆਂ ਤੋੜਕੇ ਅੰਦਰ ਦਾਖਲ ਹੋਕੇ ਘਰ ਵਿਚੋਂ ਕੀਮਤੀ ਘੜੀਆਂ, ਚੇਨੀਆਂ, ਮੁੰਦੀਆਂ, ਬਰੈਸਲਿਟ ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਲੈਕੇ ਫਰਾਰ ਹੋ ਗਏ।
ਤਿੰਨ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਸਹਿਮ ਵਿੱਚ ਇਲਾਕਾ :ਤੀਜੀ ਵਾਰਦਾਤ ਵਿੱਚ ਰਮਨਦੀਪ ਸਹੋਤਾ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਖਿੜਕੀ ਤੋੜ ਕਿ ਅੰਦਰ ਦਾਖਲ ਹੋਕੇ ਅਤੇ ਕੀਮਤੀ ਸਮਾਨ ਲੈਕੇ ਫਰਾਰ ਹੋ ਗਏ। ਕਸਬਾ ਸੈਲਾ ਖ਼ੁਰਦ ਦੇ ਵਿੱਚ ਹੋਈ ਤਿੰਨ ਘਰਾਂ ਵਿੱਚ ਚੋਰੀ ਕਾਰਨ ਲੋਕਾਂ ਸਹਿਮੇ ਹੋਏ ਨਜ਼ਰ ਆ ਰਹੇ ਹਨ ਅਤੇ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂਕਿ ਚੋਰੀ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ। ਲੋਕ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਕਰ ਸਕਣ। ਇਸ ਮਾਮਲੇ ਵਿੱਚ ਥਾਣਾ ਮਾਹਿਲਪੁਰ ਦੇ ਐਸਐਚਓ ਬਲਜਿੰਦਰ ਸਿੰਘ ਮੱਲ੍ਹੀ ਨੇ ਮੌਕੇ ਉਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵਲੋਂ ਕਦੋਂ ਤੱਕ ਚੋਰਾਂ ਨੂੰ ਫੜਨ ਵਿੱਚ ਕਾਮਯਾਬ ਹੋਵੇਗੀ।