ਹੁਸ਼ਿਆਰਪੁਰ:ਅਕਸਰ ਵੇਖਿਆ ਜਾਂਦਾ ਹੈ, ਕਿ ਜਦੋਂ 26 ਜਨਵਰੀ ਜਾਂ 15 ਅਗਸਤ ਦਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿਹਾੜਾ ਮਨਾਇਆ ਜਾਂਦਾ ਹੈ, ਤਾਂ ਉਸ ਸਮੇਂ ਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਰ ਬਣਦੀ ਸਹੂਲਤ ਦੇਣ ਦੀ ਗੱਲ ਵੀ ਕਹੀ ਜਾਂਦੀ ਹੈ। ਪਰ ਜੋ ਕਦੇ ਪੂਰੀ ਨਹੀਂ ਹੁੰਦੀ।
ਅਜਿਹਾ ਹੀ ਮਾਮਲਾ ਇੱਕ ਹੁਸਿਆਰਪੁਰ ਦੇ ਪਿੰਡ ਜਾਂਗਲੀਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ਹੀਦ ਹਜ਼ਾਰਾ ਸਿੰਘ ਦਾ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬਰ ਹੈ। ਹਜਾਰਾ ਸਿੰਘ ਨੂੰ ਲਾਲ ਕਿਲੇ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ।
ਸ਼ਹੀਦ ਹਜ਼ਾਰਾ ਸਿੰਘ ਦੀ ਨੂੰਹ ਬੀਬੀ ਸੁਰਿੰਦਰ ਕੌਰ ਨੇ ਦੱਸਿਆ, ਕਿ ਬੀਮਾਰੀ ਕਾਰਨ ਉਹ ਚੱਲਣ ਫਿਰਨ ਤੋਂ ਵੀ ਅਸਮਰੱਥ ਹਨ। ਤੇ ਉਸ ਦਾ ਪੁੱਤ ਵੀ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ। ਉਨ੍ਹਾਂ ਦੱਸਿਆ, ਕਿ ਅੱਜ ਤੱਕ ਨਾ ਤਾਂ ਸਰਕਾਰ ਵੱਲੋਂ ਹੀ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਦੇ ਵੀ 26 ਜਨਵਰੀ ਜਾਂ 15 ਅਗਸਤ ਵਾਲੇ ਦਿਨ ਬੁਲਾਕੇ ਸਨਮਾਨ ਨਹੀਂ ਕੀਤਾ। ਤੇ ਨਾ ਹੀ ਕਿਸੇ ਲੀਡਰ ਜਾ ਪ੍ਰਸ਼ਾਸਨਿਕ ਅਫ਼ਸਰ ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ।