ਹਿਮਾਚਲ ਦੀ ਸਰਹੱਦ 'ਤੇ ਲੱਗੇ ਕਰਸ਼ਰ ਪੰਜਾਬ 'ਚ ਕਰ ਰਹੇ ਗੈਰਕਾਨੂੰਨੀ ਮਾਈਨਿੰਗ ਹੁਸ਼ਿਆਰਪੁਰ :ਹਿਮਾਚਲ ਦੀ ਸਰਹੱਦ ਉਤੇ ਲੱਗੇ ਕਰਸ਼ਰਾਂ ਵਲੋਂ ਪੰਜਾਬ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਕੇ ਪਹਾੜਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਅਜਿਹਾ ਮਾਮਲਾ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਕੋਕੋਵਾਲ ਮਜਾਰੀ ਤੋਂ ਸਾਹਮਣੇ ਆਇਆ ਹੈ, ਜਿਥੇ ਹਿਮਾਚਲ ਦੀ ਸਰਹੱਦ ਉਤੇ ਲੱਗੇ ਕਰਸ਼ਰਾਂ ਵਲੋਂ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ।
ਪੰਜਾਬ ਦੀ ਹੱਦਬੰਦੀ ਕੀਤੀ :ਇਸ ਸਬੰਧੀ ਪਿੰਡ ਕੋਕੋਵਾਲ ਮਜਾਰੀ ਦੀ ਪੰਚਾਇਤ ਵਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਉਤੇ ਅੱਜ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਤਪਨ ਭਨੋਟ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ ਤੇ ਪਹੁੰਚੇ। ਇਸ ਦੌਰਾਨ ਅਧਿਕਾਰੀਆਂ ਵੱਲੋਂ ਮਾਈਨਿੰਗ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਪੰਜਾਬ ਦੀ ਹਦਬੰਦੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੋਕੋਵਾਲ ਮਜਾਰੀ ਦੀ ਜ਼ਮੀਨ ਨੂੰ ਹਿਮਾਚਲ ਦੀ ਸਰਹੱਦ ਉਤੇ ਲੱਗੇ ਕਰਸ਼ਰਾਂ ਵਲੋਂ ਨੁਕਸਾਨੀਆਂ ਜਾ ਰਿਹਾ ਹੈ, ਜਿਸਦੀ ਉਨ੍ਹਾਂ ਵੱਲੋਂ ਸ਼ਿਕਾਇਤ ਜੰਗਲਾਤ ਵਿਭਾਗ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ।
ਇਹ ਵੀ ਪੜ੍ਹੋ :Rajasthan Jawan died: ਫੌਜ ਦੇ ਜ਼ੋਨਲ ਸੂਬੇਦਾਰ ਦੀ ਕਸਰਤ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ
ਗੈਰਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਮਾਈਨਿੰਗ :ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗ ਪਹਿਲਾਂ ਵੀ ਮਿਣਤੀ ਕਰਨ ਲਈ ਆਏ ਸਨ ਪਰ ਕਰਸ਼ਰ ਮਾਲਿਕਾਂ ਵਲੋਂ ਸ਼ਰਾਰਤੀ ਅਨਸਰਾਂ ਦੀ ਬਦੌਲਤ ਮਿਣਤੀ ਨਹੀਂ ਹੋਣ ਦਿੱਤੀ ਗਈ, ਜਿਸ ਕਾਰਨ ਅੱਜ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਤਪਨ ਭਨੋਟ ਦੇ ਨਾਲ ਸਬੰਧਿਤ ਵਿਭਾਗ ਦੇ ਅਧਿਕਾਰੀ ਪੁਲਿਸ ਮੁਲਾਜ਼ਮਾਂ ਦੀ ਮੱਦਦ ਨਾਲ ਪੰਜਾਬ ਦੀ ਹਦਬੰਦੀ ਕੀਤੀ ਗਈ। ਅਧਿਕਾਰੀਆਂ ਵੱਲੋਂ ਕੀਤੀ ਗਈ ਹੱਦਬੰਦੀ ਵਿਚ ਇਹ ਸਪਸ਼ਟ ਹੋਇਆ ਕਿ ਪੰਜਾਬ ਦੇ ਕੁੱਝ ਹਿੱਸੇ ਵਿਚ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਤਪਨ ਭਨੋਟ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵਲੋਂ ਡਿਊਟੀ ਮੈਜਿਸਟ੍ਰੇਟ ਦੇ ਤੌਰ ਉਤੇ ਸਬੰਧਿਤ ਵਿਭਾਗ ਨੂੰ ਨਾਲ ਲੈ ਕੇ ਅਤੇ ਪੁਲਿਸ ਪ੍ਰੋਟੈਕਸ਼ਨ ਦੀ ਮੱਦਦ ਨਾਲ ਪੰਜਾਬ ਦੀ ਹਦਬੰਧੀ ਕੀਤੀ ਗਈ ਹੈ।
ਇਹ ਵੀ ਪੜ੍ਹੋ :Hyderabad Cop Dies in Gym: 24 ਸਾਲਾ ਕਾਂਸਟੇਬਲ ਦੀ ਜਿਮ ਵਿਚ ਵਰਕਆਊਟ ਦੌਰਾਨ ਹੋਈ ਮੌਤ
ਮਿਣਤੀ ਤੋਂ ਪਿੰਡ ਵਾਸੀ ਸੰਤੁਸ਼ਟ :ਉਨ੍ਹਾਂ ਕਿਹਾ ਕਿ ਸਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ, ਪਿੰਡ ਦੀ ਪੰਚਾਇਤ ਤੇ ਡਿਊਟੀ ਮੈਜੀਸਟ੍ਰੇਟ ਦੀ ਹਾਜ਼ਰੀ ਵਿਚ ਹੱਦਬੰਦੀ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਸਬੰਧੀ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਬਹੁਤ ਵਾਰ ਇਸ ਸਬੰਧੀ ਸਬੰਧਿਤ ਮਹਿਕਮੇ ਨੂੰ ਅਰਜ਼ੀਆਂ ਦੇ ਚੁੱਕੇ ਹਾਂ। ਪਰ ਹੁਣ ਅਧਿਕਾਰੀਆਂ ਵੱਲੋਂ ਆ ਕੇ ਇਸ ਇਲਾਕੇ ਦੀ ਮਿਣਤੀ ਕੀਤੀ ਗਈ ਹੈ, ਜਿਸ ਨਾਲ ਸਮੂਹ ਪਿੰਡ ਵਾਸੀ ਸੰਤੁਸ਼ਟ ਹਨ।