ਹੁਸ਼ਿਆਰਪੁਰ: ਕਰੋੜਾਂ ਰੁਪਏ ਦੀ ਲਾਗਤ ਨਾਲ ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ਼ ਉੱਤੇ ਬਣਿਆ ਮੁੱਖ ਬੱਸ ਸਟੈਂਡ ਸਰਕਾਰਾਂ ਦੀ ਅਣਦੇਖੀ ਦੇ ਕਾਰਨ ਖੰਡਰ ਦਾ ਰੂਪ ਧਾਰ ਚੁੱਕਿਆ ਹੈ। ਇਸ ਬੱਸ ਸਟੈਂਡ ਦੇ ਵਿੱਚ ਬੱਸਾਂ ਖੜੀਆਂ ਹੋਣ ਦੀ ਵਜਾਏ ਹੁਣ ਇੱਥੇ ਟੈਕਸੀਆਂ ਜਾਂ ਦੂਜੇ ਵਹੀਕਲ ਹੀ ਖੜੇ ਰਹਿੰਦੇ ਹਨ। ਬੱਸ ਸਟੈਂਡ ਗੜ੍ਹਸ਼ੰਕਰ ਸਰਕਾਰ ਦੀ ਅਣਦੇਖੀ ਦੇ ਕਾਰਨ ਅੱਜ ਕਬਾੜ ਖ਼ਾਨੇ ਵਰਗੀ ਹਾਲਤ ਹੋਈ ਪਈ ਹੈ ਅਤੇ ਗੰਦਗੀ ਦੇ ਢੇਰਾਂ ਦੇ ਕਾਰਨ ਬਦਬੂ ਆਉਂਦੀ ਹੈ ਜਿਸ ਕਾਰਨ ਲੋਕ ਇੱਥੇ ਬੈਠਣਾ ਵੀ ਪਸੰਦ ਨਹੀਂ ਕਰਦੇ।
ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ:ਦੱਸ ਦਈਏ ਇਸ ਬੱਸ ਸਟੈਂਟ ਦੇ ਵਿੱਚ ਯਾਤਰੀਆਂ ਲਈ ਨਾ ਕੋਈ ਸਹੂਲਤ ਦਾ ਪ੍ਰਬੰਧ ਹੈ ਅਤੇ ਨਾ ਹੀ ਇੱਥੇ ਕੋਈ ਬੱਸ ਰੁਕਦੀ ਹੈ। ਭਾਵੇਂ ਜੰਮੂ-ਸ਼੍ਰੀਨਗਰ ਤੋਂ ਲੈਕੇ ਚੰਡੀਗੜ੍ਹ ਸਮੇਤ ਅਨੇਕਾਂ ਸ਼ਹਿਰਾਂ ਨੂੰ ਇੱਥੋਂ ਬੱਸਾਂ ਲੰਘਦੀਆਂ ਹਨ, ਪਰ ਕੋਈ ਵੀ ਬੱਸ ਇਥੇ ਨਾ ਆਉਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਬੱਸ ਸਟੈਂਡ ਦੇ ਵਿੱਚ ਬੱਸਾਂ ਖੜੀਆਂ ਹੋਣ ਦੀ ਵਜਾਏ ਵੱਖ-ਵੱਖ ਚੌਂਕਾ ਵਿੱਚ ਖੜਦੀਆਂ ਹਨ ਜਿਸ ਦੇ ਕਾਰਨ ਟਰੈਫਿਕ ਦੀ ਸਮੱਸਿਆ ਗੰਭੀਰ ਬਣੀ ਰਹਿੰਦੀ ਹੈ, ਪਰ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਨਾਂ ਤਾਂ ਪ੍ਰਸ਼ਾਸਨ ਅਤੇ ਨਾਂ ਹੀ ਸਮੇਂ ਦੀ ਸਰਕਾਰ ਨੇ ਕੋਈ ਉਪਰਾਲਾ ਕੀਤਾ। ਲੋਕਾਂ ਦੀ ਮੰਗ ਹੈ ਕਿ ਗੜ੍ਹਸ਼ੰਕਰ ਬੱਸ ਸਟੈਂਡ ਜਿਹੜਾ ਕਿਸੇ ਸਮੇਂ ਇਲਾਕੇ ਲਈ ਵਰਦਾਨ ਸਾਬਤ ਹੁੰਦਾ ਸੀ ਅਤੇ ਜਿਹੜਾ ਅੱਜ ਖੰਡਰ ਬਣ ਚੁੱਕਾ ਹੈ ਇਸ ਦੀ ਹਾਲਤ ਨੂੰ ਸੁਧਾਰਿਆ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਬੱਸ ਸਟੈਂਡ ਬਾਰੇ ਲੋਕਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਸ ਅੱਡੇ ਦੀ ਸਾਰ ਲੈਕੇ ਇਸ ਨੂੰ ਦਰੁੱਸਤ ਕੀਤਾ ਜਾਵੇ ਅਤੇ ਸਾਰੀਆਂ ਬੱਸਾਂ ਦਾ ਬੱਸ ਅੱਡੇ ਅੰਦਰ ਆਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਸ ਬੱਸ ਅੱਡੇ ਦਾ ਲਾਭ ਮਿਲ ਸਕੇ।