ਚੰਡੀਗੜ੍ਹ : ਸਮਾਗਮ ਦੌਰਾਨ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ ਰਾਜ ਉਨ੍ਹਾਂ ਦੇ ਸਮੇਂ ਕਾਫੀ ਵਿਸ਼ਾਲ ਰਿਹਾ ਸੀ। ਦਿੱਲੀ ਜਿੱਤ ਕੇ ਉਨ੍ਹਾਂ ਨੇ ਦੁਬਾਰਾ ਇਹ ਕਹਿ ਕੇ ਛੱਡ ਦਿੱਤੀ ਕਿ ਮੁੜ ਜਿੱਤ ਲਵਾਂਗੇ। ਅੱਜ ਦੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਕਿਨ੍ਹਾਂ ਦੇ ਵਾਰਸ ਹਾਂ। ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ, ਫਿਰ ਵੀ ਅਸੀਂ ਆਪਣੇ ਜਰਨੈਲਾਂ ਦੀਆਂ ਨਿਸ਼ਾਨੀਆਂ ਉਨ੍ਹਾਂ ਦਾ ਇਤਿਹਾਸ ਭੁੱਲੀਂ ਬੈਠੇ ਹਾਂ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਇੰਨਾ ਵੱਡਾ ਹੈ ਕਿ ਸਿਆਹੀ ਮੁੱਕ ਜਾਵੇਗੀ ਸਾਡਾ ਇਤਿਹਾਸ ਖਤਮ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਮੈਂ ਜਿਥੇ ਵੀ ਜਾਵਾਂ ਸਭ ਤੋਂ ਪਹਿਲਾਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਪਹਿਲੇ ਹੋ ਜੋ ਇਥੇ ਆਏ ਹੋ, ਪਰ ਸਾਡੇ ਤੋਂ ਪਹਿਲਾਂ ਕੋਈ ਲੀਡਰ ਨਹੀਂ ਵੜਿਆ।
ਰਾਮਗੜ੍ਹੀਆ ਬਰਾਦਰੀ ਦੀਆਂ ਫੈਕਟਰੀਆਂ ਤਰੱਕੀਆਂ ਉਤੇ :ਅਸੀਂ ਜਦੋਂ ਪਾਰਟੀ ਜਿਤਾਈ ਤਾਂ ਇਤਿਹਾਸ ਵਿੱਚ ਪਹਿਲੀ ਵਾਰ ਇਦਾਂ ਹੋਇਆ ਕਿ ਸਾਰੀ ਕੈਬਨਿਟ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਹੋਵੇ। ਪਹਿਲੇ ਦਿਨ ਤੋਂ ਹੀ ਆਰਡਰ ਕੀਤੇ ਗਏ ਸਨ ਕਿ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮਤੰਰੀ ਨਹੀਂ, ਸਗੋਂ ਭਗਤ ਸਿੰਘ ਤੇ ਡਾ. ਅੰਬੇਡਕਰ ਦੀ ਫੋਟੋ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਅੱਜ ਮੇਰਾ ਪ੍ਰਚਾਰ ਸੀ, ਪਰ ਮੈਂ ਪਹਿਲਾਂ ਉਧਰ ਜਾਣ ਦੀ ਬਜਾਏ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਸਮਾਗਮਾਂ ਵਿੱਚ ਆਉਣ ਨੂੰ ਤਰਜ਼ੀਹ ਦਿੱਤੀ। ਅੱਜ ਦੇ ਸਮੇਂ ਵਿੱਚ ਤਰੱਕੀ ਉਥੇ ਹੋਵੇਗੀ ਜਿਥੇ ਕਿਰਤ ਚੱਲ ਰਹੀ ਹੈ। ਅੱਜ ਰਾਮਗੜ੍ਹੀਆ ਬਰਾਦਰੀ ਦੀਆਂ ਫੈਕਟਰੀਆਂ ਤਰੱਕੀਆਂ ਉਤੇ ਚੱਲ ਰਹੀਆਂ ਹਨ ਤੇ ਦੇਸ਼ ਦੀ ਕਿਸਮਤ ਚੱਲ ਰਹੀ ਹੈ। ਪੰਜਾਬੀਆਂ ਵਿੱਚ ਇੰਨਾ ਟੈਲੇਂਟ ਹੈ, ਅਸੀਂ ਮਿੱਟੀ ਵਿਚੋਂ ਸੋਨਾ ਉਗਾਉਣ ਵਾਲੇ ਲੋਕ ਹਾਂ। ਪੰਜਾਬੀਆਂ ਦੇ ਹੇਠ ਬਾਹਰਲੇ ਦੇਸ਼ਾਂ ਵਿੱਚ ਗੋਰੇ ਕੰਮ ਕਰਦੇ ਹਨ, ਪਰ ਪੰਜਾਬੀਆਂ ਨੂੰ ਇਥੇ ਮੌਕਾ ਨਹੀਂ ਮਿਲਦਾ।
ਇਨਸਾਨ ਨੀਅਤ ਦਾ ਅਮੀਰ ਹੋਣਾ ਚਾਹੀਦਾ :ਫਿਰੋਜ਼ਪੁਰ ਦਿਹਾਤੀ ਦਲੀਪ ਸਿੰਘ ਦਾ ਦਲਿਤ ਪਰਿਵਾਰ ਜੋ ਸਾਡੇ ਵਿਧਾਇਕ ਕੋਲ ਦੋ ਮਠਿਆਈ ਦੇ ਡੱਬੇ ਲੈ ਕੇ ਆਇਆ ਤੇ ਕਹਿੰਦਾ ਕੇ ਉਸ ਦੀ ਧੀ ਤੇ ਨੂੰਹ ਦੀ ਸਰਕਾਰੀ ਨੌਕਰੀ ਲੱਗ ਗਈ ਤੇ ਡੱਬਾ ਦਿੱਤਾ ਕਿ ਇਕ ਡੱਬਾ ਤੁਸੀਂ ਰੱਖ ਲਓ ਤੇ ਇਕ ਭਗਵੰਤ ਮਾਨ ਨੂੰ ਦੇ ਦਿਓ। ਵਿਧਾਇਕ ਨੇ ਪੁੱਛਿਆ ਕਿ ਤੁਹਾਡੇ ਕੋਲੋਂ ਕਿਸੇ ਨੇ ਰਿਸ਼ਵਤ ਤਾਂ ਨਹੀਂ ਲਈ। ਉਸ ਨੇ ਕਿਹਾ ਕਿ ਅਸੀਂ ਸਿਰਫ ਪ੍ਰੀਖਿਆ ਦਿੱਤੀ ਤੇ ਘਰ ਚਿੱਠੀ ਆ ਗਈ। ਤੇ ਉਸ ਵਿਅਕਤੀ ਨੇ ਕਿਹਾ ਕਿ ਹੁਣ ਮੀਡੀਆ ਵਾਲੇ ਸੱਦ ਲਿਓ ਮੈਂ ਆਪਣਾ ਆਟਾ ਦਾਲ ਵਾਲਾ ਕਾਰਡ ਬੰਦ ਕਰਵਾਉਣਾ ਹੈ ਕਿਉਂਕਿ ਮੇਰੇ ਘਰ ਦੋ ਸਰਕਾਰੀ ਨੌਕਰੀਆਂ ਵਾਲੇ ਹਨ। ਮਾਨ ਨੇ ਕਿਹਾ ਕਿ ਇਨਸਾਨ ਨੀਅਤ ਦਾ ਅਮੀਰ ਹੋਣਾ ਚਾਹੀਦਾ ਹੈ।