ਹੁਸ਼ਿਆਰਪੁਰ :ਜਿਲ੍ਹਾ ਲੁਧਿਆਣਾ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਪੁਰਬ ਮਨਾਉਣ ਜਾ ਰਹੀਆਂ ਸੰਗਤਾ ਲਈ ਲੰਗਰ ਦਾ ਸਮਾਨ ਲੈ ਕੇ ਜਾ ਰਹੀ ਗੱਡੀ ਨਾਲ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਿਲ੍ਹਾ ਲੁਧਿਆਣਾ ਦੇ ਪਿੰਡ ਬੋਦਲ ਤੋਂ ਖੁਰਾਲਗੜ੍ਹ ਸਾਹਿਬ ਵਿਖੇ ਲੰਗਰ ਲਗਾਉਣ ਲਈ ਇਕ ਗੱਡੀ ਰਾਸ਼ਣ ਲੈ ਕੇ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਪਿੰਡ ਗੜ੍ਹੀ ਮਾਨਸੋਵਾਲ ਵਿਖੇ ਸੜਕ ਖਰਾਬ ਹੋਣ ਕਾਰਨ ਡਰਾਈਵਰ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ।
ਇਨ੍ਹਾਂ ਦੀ ਗਈ ਜਾਨ :ਜਾਣਕਾਰੀ ਮੁਤਾਬਿਕ ਜਸਵੀਰ ਸਿੰਘ ਜੈਸੀ ਪੁੱਤਰ ਗੁਰਚਰਨ ਸਿੰਘ ਵਾਸੀ ਬੋਦਲ (ਉਮਰ- 27 ਸਾਲ), ਹੈਰੀ ਪੁੱਤਰ ਦਰਸ਼ਨ ਸਿੰਘ ਵਾਸੀ ਬੋਦਲ (ਉਮਰ-15/16 ਸਾਲ) ਅਤੇ ਸਾਦਾ ਸਿੰਘ ਵਾਸੀ ਬੋਦਲ ਦੀ ਘਟਨਾ ਵਾਲੀ ਥਾਂ ਤੇ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਚਾਰ ਲੋਕ ਜ਼ਖਮੀ ਹੋਏ ਹਨ। ਗੰਭੀਰ ਜਖਮੀਆਂ ਵਿੱਚ ਜੋਬਨਪ੍ਰੀਤ ਸਿੰਘ ਪੁੱਤਰ ਸੋਮਨਾਥ ਵਾਸੀ ਬੋਦਲ (ਉਮਰ- 15 ਸਾਲ), ਪਵਨਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਬੋਦਲ (ਉਮਰ-21ਸਾਲ), ਸੁਖਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੋਦਲ (ਉਮਰ-30 ਸਾਲ), ਵਿਜੇ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬੋਦਲ (ਉਮਰ- 26 ਸਾਲ) ਗੰਭੀਰ ਜ਼ਖਮੀ ਹਨ। ਇਨ੍ਹਾਂ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ।