ਐਸ.ਪੀ. ਅਤੇ ਨਾਇਬ ਤਹਿਸੀਲਦਾਰ ਦੇ ਕੁਟਾਪੇ ਦੀ ਵੀਡੀਓ ਵਾਇਰਲ - , ਐਸ.ਪੀ. ਨਰੇਸ਼ ਡੋਗਰਾ
ਹੁਸ਼ਿਆਰਪੁਰ : ਆਪਣੀ ਵਰਦੀ ਅਤੇ ਕੁਰਸੀ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਇਕ ਪੁਲਿਸ ਮੁਲਾਜ਼ਮ ਅਤੇ ਨਾਇਬ ਤਹਿਸੀਲਦਾਰ ਨੂੰ ਮਹਿੰਗਾ ਪੈ ਗਿਆ। ਇਨ੍ਹਾਂ ਦੋਹਾਂ ਦੇ ਕੁਟਾਪੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀਡੀਓ ਹੁਸ਼ਿਆਰਪੁਰ ਦੇ ਇੱਕ ਨਿੱਜੀ ਹੋਟਲ ਦੀ ਹੈ। ਹੋਟਲ ਦੀ ਮਾਲਕੀ ਨੂੰ ਲੈ ਕੇ ਦੋ ਭਾਈਵਾਲਾਂ ਵਿਚਕਾਰ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਹੋਟਲ ਦਾ ਇਕ ਭਾਈਵਾਲ ਵਿਵੇਕ ਕੌਸ਼ਲ ਆਪਣੇ ਦੋਸਤ ਐਸ.ਪੀ. ਨਰੇਸ਼ ਡੋਗਰਾ, ਜੋ ਬਤੌਰ ਕਮਾਂਡੈਂਟ ਪੁਲਿਸ ਅਕੈਡਮੀ ਫ਼ਿਲੌਰ 'ਚ ਤਾਇਨਾਤ ਹਨ, ਨੂੰ ਅਕਸਰ ਆਪਣੇ ਭਾਈਵਾਲ ਅਤੇ ਸਟਾਫ਼ 'ਤੇ ਰੋਹਬ ਝਾੜਨ ਲਈ ਨਾਲ ਲਿਆਉਂਦਾ ਸੀ।
ਘਟਨਾ ਬੀਤੀ 3 ਜਨਵਰੀ ਦੀ ਹੈ। ਵਿਵੇਕ ਕੌਸ਼ਲ ਆਪਣੇ ਸਾਥੀ ਐਸ.ਪੀ. ਨਰੇਸ਼ ਡੋਗਰਾ ਅਤੇ ਨਾਇਬ ਤਹਿਸੀਲਦਾਰ ਨਾਲ ਹੋਟਲ ਅੰਦਰ ਆਇਆ। ਹੋਟਲ 'ਤੇ ਕਬਜ਼ੇ ਦੀ ਨੀਯਤ ਨਾਲ ਐਸ.ਪੀ. ਨਰੇਸ਼ ਡੋਗਰਾ ਦੇ ਸੁਰੱਖਿਆ ਕਰਮੀਆਂ ਨੇ ਜਬਰੀ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਹੋਟਲ ਮੈਨੇਜਰ ਨੇ ਇਸ ਦੀ ਜਾਣਕਾਰੀ ਆਪਣੇ ਮਾਲਕ ਵਿਸ਼ਵਨਾਥ ਬੰਟੀ ਨੂੰ ਦਿੱਤੀ। ਬੰਟੀ ਦੇ ਉੱਥੇ ਆਉਣ ਮਗਰੋਂ ਉਨ੍ਹਾਂ ਵਿਚਕਾਰ ਬਹਿਸਬਾਜ਼ੀ ਹੋਈ। ਐਸ.ਪੀ. ਡੋਗਰਾ ਨੇ ਹੋਟਲ ਮਲਿਕ ਬੰਟੀ 'ਤੇ ਹੱਥ ਚੁੱਕ ਦਿਤਾ ਜਿਸ ਮਗਰੋਂ ਝਗੜਾ ਵੱਧ ਗਿਆ।
ਇਸ ਮਗਰੋਂ ਹੋਟਲ ਮਾਲਕ ਅਤੇ ਸਟਾਫ਼ ਨੇ ਐਸ.ਪੀ. ਨਰੇਸ਼ ਡੋਗਰਾ ਅਤੇ ਨਾਇਬ ਤਹਿਸੀਲਦਾਰ ਦਾ ਜਮ ਕੇ ਕੁਟਾਪਾ ਚਾੜ੍ਹਿਆ।
ਹੋਟਲ ਮਾਲਕ ਵਿਸ਼ਵਨਾਥ ਬੰਟੀ ਨੇ ਦੱਸਿਆ ਕਿ ਉਸ ਦਾ ਆਪਣੇ ਭਾਈਵਾਲ ਨਾਲ ਝਗੜਾ ਚੱਲ ਰਿਹਾ ਹੈ ਅਤੇ ਐਸ.ਪੀ. ਅਕਸਰ ਹੋਟਲ ਆ ਕੇ ਧਮਕੀਆਂ ਦਿੰਦਾ ਸੀ। ਬੰਟੀ ਨੇ ਦੱਸਿਆ ਕਿ ਇਸ ਝਗੜੇ ਮਗਰੋਂ ਉਸ ਵਿਰੁੱਧ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ।
ਉਧਰ ਹੁਸ਼ਿਆਰਪੁਰ ਦੇ ਐਸ.ਐਸ.ਪੀ. ਜੇ. ਐਲੇਨਚੇਜ਼ੀਅਨ ਨੇ ਦੱਸਿਆ ਕਿ ਪੁਲਿਸ ਵਲੋਂ ਇਕ ਐਸ.ਆਈ.ਟੀ. ਬਣਾ ਕੇ ਘਟਨਾ ਵਾਲੀ ਸੀਸੀਟੀਵੀ ਵੇਖਣ ਮਗਰੋਂ ਕਤਲ ਅਤੇ ਹੋਰ ਧਾਰਾਵਾਂ ਨੂੰ ਹਟਾ ਦਿੱਤਾ ਗਿਆ ਹੈ। ਐਸ.ਪੀ. ਨਰੇਸ਼ ਡੋਗਰਾ ਫ਼ਿਲੌਰ ਤੋਂ ਆਪਣੀ ਡਿਊਟੀ ਛੱਡ ਹੋਟਲ ਆਉਂਦਾ ਸੀ, ਇਸ ਦੀ ਜਾਂਚ ਕੀਤੀ ਜਾਵੇਗੀ।