ਹੁਸ਼ਿਆਰਪੁਰ: ਐਸਸੀ ਸਕਾਲਰਸ਼ਿਪ ਘੁਟਾਲੇ ਵਿੱਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਦੇ ਦੋਆਬਾ ਖੇਤਰ ਵਿੱਚ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਚਾਓ ਯਾਤਰਾ ਸ਼ੁਰੂ ਕੀਤੀ ਹੈ। ਇਸ ਯਾਤਰਾ ਵਿੱਚ ਸਿਮਰਜੀਤ ਬੈਂਸ ਨੇ ਤਿੰਨ ਟੈਰ ਦੋ ਪੈਰ ਸਾਧੂ ਦੀ ਨਹੀਂ ਖੈਰ ਦਾ ਨਾਅਰਾ ਦਿੱਤਾ ਹੈ। ਲੋਕ ਇਨਸਾਫ਼ ਪਾਰਟੀ ਦੇ ਸਾਰੇ ਆਗੂ ਇਸ ਯਾਤਰਾ ਵਿੱਚ ਆਟੋ ਰਿਕਸ਼ਾ ਉੱਤੇ ਸਵਾਰ ਹੋ ਕੇ ਦਲਿਤ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਕੇ ਇਕੱਠਾ ਕਰਨਗੇ ਤਾਂ ਜੋ ਸੂਬਾ ਸਰਕਾਰ ਧਰਮਸੋਤ ਨੂੰ ਅਹੁਦੇ ਤੋਂ ਬਰਖਾਸਤ ਕਰਨ ਲਈ ਮਜ਼ਬੂਰ ਹੋ ਜਾਵੇ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦਲਿਤ ਵਿਦਿਆਰਥੀ ਦਾ ਭਵਿੱਖ ਬਚਾਓ ਦੀ ਯਾਤਰਾ ਨੂੰ ਸ਼ੁਰੂ ਕਰਨ ਦਾ ਉਦੇਸ਼ ਦਲਿਤ ਸਮੂਹ ਨੂੰ ਇਕਜੁੱਟ ਕਰਨ ਤੇ ਕਾਂਗਰਸ ਪਾਰਟੀ ਦੇ ਕੈਬਿਨੇਟ ਮੰਤਰੀ ਧਰਮਸੋਤ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਤੇ ਐਸਸੀ ਸਾਕਲਰਸ਼ਿਪ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਉਣਾ ਹੈ ਤਾਂ ਜੋ ਘੁਟਾਲੇ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਦੀ ਸ਼ੁਰੂਆਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਸ਼ੁਰੂ ਕਰਨਗੇ ਤੇ ਇਸ ਦੀ ਸਮਾਪਤੀ ਬਰਨਾਲਾ ਕਲਾਂ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਇਸ ਯਾਤਰਾ ਵਿੱਚ 10 ਦਿਨ ਘਰੋਂ ਬਾਹਰ ਰਹਿਣਗੇ ਤੇ ਉਹ 10 ਦਿਨ ਦਲਿਤ ਵਿਦਿਆਰਥੀਆਂ ਦੇ ਘਰ ਰਹਿਣਗੇ ਤਾਂ ਜੋ ਉਹ ਜ਼ਿਆਦਾ ਤੋਂ ਜ਼ਿਆਦਾ ਦਲਿਤ ਵਰਗ ਨੂੰ ਇਕੱਠਾ ਕਰਨ ਸਕਣ।