ਹੁਸ਼ਿਆਰਪੁਰ: ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਨੇ ਪਾਰਟੀ ਵਰਕਰਾਂ ਨੂੰ ਨਾਲ ਲੈਕੇ ਪੰਜਾਬ ਸਰਕਾਰ ਨੂੰ ਜਗਾਉਣ ਦੇ ਲਈ ਸੜਕ ਉੱਤੇ ਝੋਨਾ ਲਗਾਕੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਗੜ੍ਹਸ਼ੰਕਰ ਨੰਗਲ ਰੋਡ ਮੁੱਖ ਸੜਕ ਜਿਹੜੀ ਕਿ ਪੰਜਾਬ ਨੂੰ ਹਿਮਾਚਲ ਨੂੰ ਜੋੜਦੀ ਹੈ ਉਸ ਦਾ ਮੀਂਹ ਨੇ ਬੁਰਾ ਹਾਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਲਿਆਉਣ ਲਈ ਆਪ ਸਰਕਾਰ ਨੂੰ ਵੋਟਾਂ ਪਾਈਆਂ ਪਰ ਮੀਂਹ ਨੇ ਲੋਕਾਂ ਨੂੰ ਅਸਲ ਬਦਲਾਅ ਦਿਖਾ ਦਿੱਤਾ ।
ਗੜ੍ਹਸ਼ੰਕਰ ਨੰਗਲ ਰੋਡ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਝੋਨਾ, ਕਿਹਾ- ਬਰਸਾਤ ਦੇ ਪਹਿਲੇ ਮੀਂਹ ਨੇ ਸਰਕਾਰ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ - ਪੰਜਾਬ ਸਰਕਾਰ
ਹੁਸ਼ਿਆਰਪੁਰ ਵਿੱਚ ਗੜ੍ਹਸ਼ੰਕਰ-ਨੰਗਲ ਰੋਡ ਉੱਤੇ ਸ਼੍ਰੋਮਣੀ ਅਕਾਲ ਦਲ ਦੇ ਵਰਕਰਾਂ ਨੇ ਸੜਕ ਵਿੱਚ ਖੜ੍ਹੇ ਪਾਣੀ ਅੰਦਰ ਝੋਨਾ ਲਾਕੇ ਆਪਣਾ ਰੋਸ ਸਰਕਾਰ ਦੇ ਪ੍ਰਬੰਧਾਂ ਖ਼ਿਲਾਫ਼ ਜਾਹਿਰ ਕੀਤਾ। ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਬਰਸਾਤ ਦੇ ਪਹਿਲੇ ਮੀਂਹ ਨੇ ਖੋਲ੍ਹ ਦਿੱਤੀ ਹੈ।
ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ:ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਗੜ੍ਹਸ਼ੰਕਰ ਦੇ ਵਿਧਾਇਕ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਗੜ੍ਹਸ਼ੰਕਰ-ਨੰਗਲ ਰੋਡ ਦੀ ਮਾੜੀ ਹਾਲਤ ਕਾਰਨ ਕੀਮਤੀ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਸਾਰ ਕਿਉਂ ਨਹੀਂ ਲਈ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ਹਿਰ ਗੜ੍ਹਸ਼ੰਕਰ ਵਿੱਚ ਸੀਵਰੇਜ ਦਾ ਪ੍ਰੋਜੈਕਟ ਮਨਜੂਰ ਕਰਵਾਕੇ ਕੰਮ ਸ਼ੁਰੂ ਕਰਵਾਇਆ ਸੀ ਪਰ ਸਰਕਾਰ ਬਦਲਣ ਦੇ ਨਾਲ ਇਸ ਦਾ ਕੰਮ ਸਰਕਾਰ ਮੁਕੰਮਲ ਨਹੀਂ ਕਰਵਾ ਸਕੀ।
ਵਾਅਦਿਆਂ ਤੋਂ ਭੱਜੀ ਸਰਕਾਰ: ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠ ਦਾ ਸਹਾਰਾ ਲੈ ਰਹੇ ਹਨ ਅਤੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਤੋਂ ਪਿਛੇ ਹੱਟ ਰਹੇ ਹਨ। ਸੁਰਿੰਦਰ ਸਿੰਘ ਭੁਲੇਵਾਲ ਰਾਠਾ ਨੇ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਨ ਲਈ ਸਰਕਾਰ ਵੱਲੋਂ ਸੜਕ ਦਾ ਉਦਘਾਟਨ ਤਾਂ ਕਰ ਦਿੱਤਾ ਗਿਆ ਪਰ ਜ਼ਮੀਨੀ ਪੱਧਰ ਉੱਤੇ ਕੰਮ ਨਹੀਂ ਹੋ ਰਿਹਾ ਹੈ ਅਤੇ ਗੜ੍ਹਸ਼ੰਕਰ ਨੰਗਲ ਰੋਡ਼ ਉੱਤੇ ਸੜਕ ਬਣਾਉਣ ਦੀ ਥਾਂ ਸੜਕ ਨੂੰ ਪੁੱਟਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰ ਦੀ ਲਪਰਵਹੀ ਕਾਰਨ ਟੋਇਆਂ ਵਿੱਚ ਮੀਂਹ ਦਾ ਪਾਣੀ ਪੈਣ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਕਾਰਨ ਗੱਡੀਆਂ ਅਤੇ ਦੋ ਪਹਿਆ ਵਹੀਕਲ ਖਰਾਬ ਹੋ ਰਹੇ ਹਨ। ਭੁਲੇਵਾਲ ਰਾਠਾ ਨੇ ਕਿਹਾ ਕਿ ਗੜ੍ਹਸ਼ੰਕਰ ਨੰਗਲ ਰੋਡ਼ ਸੜਕ ਉੱਤੇ ਪਏ ਅੱਜ ਥੋੜੇ ਜਿਹੇ ਮੀਂਹ ਨੇ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੜਕ ਨੂੰ ਜਲਦ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਂਣਗੇ।