ਹੁਸ਼ਿਆਰਪੁਰ : ਸੂਬੇ ਵਿੱਚ ਅਪਰਾਧ ਨੇ ਇੰਨੇ ਪੈਰ ਪਸਾਰੇ ਹੋਏ ਹਨ ਕਿ ਹੁਣ ਅਪਰਾਧੀ ਦਿਵਿਆਂਗ ਨੂੰ ਵੀ ਨਹੀਂ ਬਖਸ਼ ਰਹੇ। ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਸ਼ਹਿਰ ਤੋਂ ਜਿੱਥੇ ਲੁਟੇਰਿਆਂ ਵੱਲੋਂ ਦਿਵਿਆਂਗ ਨੌਜਵਾਨ ਨਾਲ ਕੁੱਟਮਾਰ ਕਰ ਕੇ ਲੁੱਟਖੋਹ ਕੀਤੀ ਹੈ। ਇਸ ਤੋਂ ਬਾਅਦ ਲੁਟੇਰੇ ਉਸ ਦਾ ਮੋਬਾਇਲ ਫੋਨ ਅਤੇ ਚਾਂਦੀ ਦਾ ਬ੍ਰੇਸਲਟ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਨੂੰ ਵੇਖ ਕੇ ਹਰ ਕੋਈ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ।
ਇਸ ਸਬੰਧੀ ਜਦ ਪੀੜਤ ਨੌਜਵਾਨ ਨਾਲ ਗੱਲਬਾਤ ਕੀਤੀ ਗਈ, ਤਾਂ ਨੌਜਵਾਨ ਜਤਿਨ ਮਹਿਰਾ ਨੇ ਦੱਸਿਆ ਕਿ ਉਹ ਜਦੋਂ ਕੰਮ ਤੋਂ ਵਾਪਿਸ ਆ ਰਿਹਾ ਸੀ, ਤਾਂ ਇਸ ਦੌਰਾਨ ਰਸਤੇ ਵਿਚ 2 ਮੁੰਡੇ ਉਸ ਨੂੰ ਮਿਲੇ, ਜਿਸ ਵਿਚੋਂ ਇਕ ਨੌਜਵਾਨ ਨੂੰ ਉਹ ਜਾਣਦਾ ਸੀ ਅਤੇ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਬੁਲਾਉਣ ਆਏ ਹਨ। ਪਰ, ਜਿਵੇਂ ਹੀ ਉਸ ਨੂੰ ਲੁੱਟ ਦਾ ਸ਼ੱਕ ਪਿਆ ਤਾਂ ਉਸ ਵੱਲੋਂ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਲੁਟੇਰਾ ਉਸ ਨਾਲ ਕੁੱਟਮਾਰ ਕਰਕੇ ਫੋਨ ਅਤੇ ਉਸ ਦਾ ਚਾਂਦੀ ਦਾ ਬ੍ਰੇਸਲਟ ਲੈ ਕੇ ਫਰਾਰ ਹੋ ਗਿਆ।