ਹੁਸ਼ਿਆਰਪੁਰ: ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਸੋਗ ਵਿੱਚ ਬਦਲ ਗਈਆਂ, ਜਦੋਂ ਲਾੜੇ ਦੇ ਭਰਾ ਦੀ ਮੌਤ ਦੀ ਖ਼ਬਰ ਸਾਹਮਣੇ ਆਈ। ਗੁਰਦਾਸਪੁਰ ਨੇੜੇ ਪਿੰਡ ਬਹਿਰਾਮ ਪੁਰ ਤੋਂ ਡੋਲੀ ਲੈ ਕੇ ਵਾਪਸ ਪਰਤ ਰਹੀ ਬਰਾਤ ਵਿੱਚੋਂ ਇੱਕ ਵਰਨਾ ਕਾਰ ਦੀ ਰੰਧਾਵਾ ਵਿੱਖੇ ਟਰਾਲੇ ਨਾਲ ਟੱਕਰ ਹੋ ਗਈ ਜਿਸ ਵਿੱਚ ਲਾੜੇ ਦੇ ਭਰਾ ਅਤੇ ਜੀਜੇ ਸਣੇ 2 ਹੋਰ ਰਿਸ਼ਤੇਦਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਸੱਤ ਵੱਜੇ ਜ਼ਿਲ੍ਹਾ ਹਸ਼ਿਆਰਪੁਰ ਵਿੱਚ ਪੈਂਦੇ ਗੜ੍ਹਦੀਵਾਲ ਨੇੜੇ ਪਿੰਡ ਫਤਿਹਪੁਰ ਵਿੱਖੇ ਵਿਆਹ ਵਾਲੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ। ਟੱਕਰ ਇੰਨੀ ਜਬਰਦਸਤ ਸੀ ਕਿ ਹਾਦਸਾਗ੍ਰਸਤ ਗੱਡੀ ਵਰਨਾ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿਚ ਇੱਕ ਫੌਜ ਦਾ ਜਵਾਨ ਅਤੇ ਇੱਕ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਜਵਾਨ ਵੀ ਸੀ।