ਹੁਸ਼ਿਆਰਪੁਰ : ਹਲਕਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਦਾਰਾਪੁਰ ਵਿਖੇ ਇੱਕ ਭਰਾ ਵੱਲੋਂ ਹੀ ਆਪਣੇ ਭਰਾ ਨੂੰ ਘਰ ਵਿੱਚੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ-ਭਰਜਾਈ ਨੇ ਉਸ ਨੂੰ ਅਤੇ ਉਸ ਦੀ ਘਰਵਾਲੀ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ।
ਕੁਲਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਡੇ ਦੋਹਾਂ ਭਰਾਵਾਂ ਵਿੱਚ ਵਸੀਅਤ ਵੰਡ ਦਿੱਤੀ ਗਈ ਸੀ ਅਤੇ ਇਸ ਬਦਲੇ ਉਨ੍ਹਾਂ ਕੋਲ 13 ਮਰਲੇ ਜਗ੍ਹਾ ਆਉਂਦੀ ਸੀ ਪ੍ਰੰਤੂ ਉਸ ਦੇ ਭਰਾ-ਭਰਜਾਈ ਵੱਲੋਂ ਧੱਕੇ ਨਾਲ ਹੀ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ।
ਪੀੜਤ ਕੁਲਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਡੀਸੀ ਹੁਸ਼ਿਆਰਪੁਰ ਕੋਲ ਵੀ ਸ਼ਿਕਾਇਤ ਕੀਤੀ ਸੀ ਤੇ ਜਿਨ੍ਹਾਂ ਵੱਲੋਂ ਕਾਰਵਾਈ ਲਈ ਐਸਡੀਐਮ ਗੜ੍ਹਸ਼ੰਕਰ ਨੂੰ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਐਸਡੀਐਮ ਗੜ੍ਹਸ਼ੰਕਰ ਨੇ ਡੀਐੱਸਪੀ ਗੜ੍ਹਸ਼ੰਕਰ ਨੂੰ ਜਾਂਚ ਦੇ ਹੁਕਮ ਦਿੱਤੇ ਸਨ। ਉਸ ਨੇ ਦੱਸਿਆ ਕਿ ਡੀਐਸਪੀ ਵੱਲੋਂ ਵੀ ਗੜ੍ਹਸ਼ੰਕਰ ਦੇ ਥਾਣਾ ਮੁਖੀ ਦੇ ਮਾਮਲੇ ਦੀ ਪੜਤਾਲ ਲਈ ਡਿਊਟੀ ਲਗਾਈ ਗਈ ਸੀ।