ਗੜ੍ਹਸ਼ੰਕਰ (ਹੁਸ਼ਿਆਰਪੁਰ) :ਦੀਵਾਲੀ ਤੋਂ ਕਈ ਦਿਨ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਘੁਮਿਆਰ ਭਾਈਚਾਰੇ ਦੇ ਮਿਹਨਤਕਸ਼ ਲੋਕਾਂ ਵੱਲੋਂ ਮਿੱਟੀ ਦੇ ਦੀਵੇ ਅਤੇ ਹੋਰ ਕਲਾ ਕ੍ਰਿਤਾਂ ਬਣਾਈਆਂ ਜਾਂਦੀਆਂ ਸਨ ਪਰ ਹੁਣ ਇਹ ਕਲਾ ਕਿਤੇ ਨਾਲ ਕਿਤੇ ਲੁਪਤ ਹੋ ਰਹੀ ਹੈ। ਬਾਜ਼ਾਰ ਵਿੱਚ ਬਨਾਵਟੀ ਦੀਵਿਆਂ ਅਤੇ ਚੀਨ ਤੋਂ ਬਣੀਆਂ ਬਿਜਲੀ ਦੀਆਂ ਲੜੀਆਂ ਅਤੇ ਰੌਸ਼ਨੀ ਵਾਲੀਆਂ ਅਜਿਹੀਆਂ ਹੋਰ ਵਸਤਾਂ ਦੇ ਆਉਣ ਨਾਲ ਮਿੱਟੀ ਦੇ ਦੀਵਿਆਂ ਪ੍ਰਤੀ ਲੋਕਾਂ ਦੀ ਖਿੱਚ ਵੀ ਖਤਮ ਹੋ ਰਹੀ ਹੈ। ਮਿੱਟੀ ਦੀ ਇਸ ਕਲਾ ਨੂੰ ਰੁਜ਼ਗਾਰ ਬਣਾ ਕੇ ਆਪਣਾ ਪਰਿਵਾਰ ਪਾਲਣ ਵਾਲੇ ਮਿਹਨਤਕਸ਼ ਲੋਕ ਆਰਥਿਕ ਸੰਕਟ ਵਿੱਚ ਵੀ ਘਿਰ ਰਹੇ ਹਨ।
ਇੱਦਾਂ ਬਣਦੇ ਸੀ ਦੀਵੇ :ਦੱਸਣਯੋਗ ਹੈ ਕਿ ਗੜ੍ਹਸ਼ੰਕਰ ਦੇ ਆਲੇ ਦੁਆਲੇ ਪੈਂਦੇ ਲਗਭਗ ਹਰ ਪਿੰਡ ਵਿਚ ਦਸ ਪੰਦਰਾਂ ਘਰਾਂ ਵਿੱਚ ਮਿੱਟੀ ਤੋਂ ਦੀਵੇ, ਘੜੇ, ਤੌੜੀਆਂ, ਕੁੱਜੇ ਆਦਿ ਬਣਾਏ ਜਾਂਦੇ ਸਨ ਅਤੇ ਇਨਾਂ ਨੂੰ ਵੱਖ-ਵੱਖ ਡਿਜਾਇਨ ਦੇ ਕੇ ਮਿਹਨਤ ਨਾਲ ਪਕਾਇਆ ਜਾਂਦਾ ਸੀ। ਆਵੇ ਵਿੱਚ ਮਿੱਟੀ ਦੀਆਂ ਇਨਾਂ ਵਸਤੂਆਂ ਨੂੰ ਅੱਗ ਦੇਣ ਮੌਕੇ ਅਰਦਾਸ ਕੀਤੀ ਜਾਂਦੀ ਸੀ ਅਤੇ ਅੱਗ ਦੇ ਤਾਪ ਨੂੰ ਬਹੁਤ ਸੂਝ ਬੂਝ ਨਾਲ ਸੰਭਾਲਿਆ ਜਾਂਦਾ ਸੀ, ਜਿਸ ਪਿੱਛੋਂ ਇਨਾਂ ਵਸਤਾਂ ਨੂੰ ਬਹੁਤ ਠਰੰਮੇ ਦੇ ਨਾਲ ਆਵੇ ਵਿਚੋਂ ਕੱਢ ਕੇ ਠੰਡਾ ਕੀਤਾ ਜਾਂਦਾ ਸੀ। ਆਲੇ ਦੁਆਲੇ ਪਿੰਡਾਂ ਦੇ ਟੋਭਿਆਂ ਵਿਚੋਂ ਚੀਕਣੀ ਮਿੱਟੀ ਆਸਾਨੀ ਨਾਲ ਮਿਲ ਜਾਂਦੀ ਸੀ, ਜਿਸ ਤੋਂ ਮਿੱਟੀ ਦੇ ਦੀਵੇ ਆਦਿ ਬਣਾ ਕੇ ਵੇਚੇ ਜਾਂਦੇ ਸਨ। ਇਸ ਵੇਲੇ ਇਨਾਂ ਪਿੰਡਾਂ ਵਿੱਚ ਇਹ ਕਲਾ ਖਤਮ ਹੋ ਕੇ ਰਹਿ ਗਈ ਹੈ।