ਹੁਸ਼ਿਆਰਪੁਰ:ਸੂਬੇ ਭਰ ’ਚ ਨਸ਼ੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ ਥਾਂ ਤੇ ਛਾਪੇਮਾਰੀ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਨਸ਼ਾ ਤਸਕਰਾਂ ਤੇ ਕਾਬੂ ਪਾਇਆ ਜਾ ਸਕੇ। ਇਸਦੇ ਚੱਲਦੇ ਹੁਸ਼ਿਆਰਪੁਰ ਵਿਖੇ ਪੁਲਿਸ ਨੇ ਔਰਤ ਸਣੇ ਦੋ ਵਿਅਕਤੀਆਂ ਨੂੰ 1 ਕਿਲੋ 600 ਗ੍ਰਾਮ ਹੈਰੋਇਨ, 580 ਗ੍ਰਾਮ ਅਫਿਮ ਅਤੇ 560 ਗ੍ਰਾਮ ਸੋਨਾ, 50 ਲੱਖ ਰੁਪਏ ਦੇ ਕਰੀਬ ਡਰੱਗ ਮਨੀ ਅਤੇ ਕਾਰ ਬਰਾਮਦ ਕਰਨ ਸਫਲਤਾ ਹਾਸਿਲ ਕੀਤੀ ਹੈ।
ਸ਼ੱਕ ਦੇ ਆਧਾਰ ’ਤੇ ਕੀਤੀ ਗਈ ਤਲਾਸ਼ੀ
ਮਾਮਲੇ ਸਬੰਧੀ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਦੀ ਟੀਮ ਵੱਲੋਂ ਟਾਂਡਾ ਚੌਕ ਨੇੜੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਇੱਕ ਕਾਰ ਨੂੰ ਰੋਕਿਆ। ਕਾਰ ਚ ਦੋ ਨੌਜਵਾਨ ਸਵਾਰ ਸੀ। ਜਿਨ੍ਹਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਨੌਜਵਾਨ ਦੀ ਜੇਬ ਚੋਂ ਮੋਮੀ ਲਿਫਾਫੇ ਚ 45 ਗ੍ਰਾਮ ਹੈਰੋਇਨ ਅਤੇ ਦੂਜੇ ਨੌਜਵਾਨ ਦੀ ਜੇਬ ਚੋਂ 25 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਮਾਮਲਾ ਦਰਜ ਕਰਨ ਤੋਂ ਬਾਅਦ ਜਦੋ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਹੈਰੋਇਨ ਮੁਲਜ਼ਮ ਜਸਵੀਰ ਸਿੰਘ ਉਰਫ ਗੱਜੂ ਅਤੇ ਉਸਦੇ ਨਾਲ ਰਹਿੰਦੀ ਇੱਕ ਔਰਤ ਕੋਲੋਂ ਲੈ ਕੇ ਆਏ ਸੀ। ਜਿਸ ਸਬੰਧ ਚ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਨੂੰ ਕਾਬੂ ਕੀਤਾ ਗਿਆ ਜਦਕਿ ਜਸਵੀਰ ਸਿੰਘ ਉਰਫ ਗੱਜੂ ਛਾਪੇਮਾਰੀ ਦੌਰਾਨ ਫਰਾਰ ਹੋ ਗਿਆ।