Viral Video: ਪਹਿਲਾਂ ਗਵਾਂਢੀਆਂ ਨੇ ਨੌਜਵਾਨ ਨੂੰ ਅਗਵਾਅ ਕਰਕੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਫਿਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਵੀਡੀਓ ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਦੇ ਪਿੰਡ ਚੰਦੇਲੀ ਦੇ ਨੌਜਵਾਨ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰ ਕੁੱਟਮਾਰ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਕੁੱਟਮਾਰ ਤੋਂ ਇੰਨਾ ਡਰ ਗਿਆ ਸੀ ਕਿ ਉਸ ਨੇ ਘਰ ਆ ਕੇ ਵੀ ਕੋਈ ਗੱਲ ਨਹੀਂ ਦੱਸੀ ਪਰ ਜਦੋਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਤਾਂ ਨੌਜਵਾਨ ਦੇ ਘਰ ਵਾਲਿਆਂ ਨੂੰ ਪਤਾ ਲੱਗਾ। ਪੁੱਤ ਦੀ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਦੇਖ ਕੇ ਘਰਦਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਨ੍ਹਾਂ ਇਸ ਸਬੰਧੀ ਥਾਣਾ ਮਾਹਿਲਪੁਰ ’ਚ ਦਰਖ਼ਾਸਤ ਦਿੱਤੀ, ਜਿਸ ’ਤੇ ਪੁਲਸ ਨੇ ਤੁਰੰਤ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਰੋਕੀ ਕੁੜੀ; ਕਾਰਨ ਸੀ ਗੱਲ੍ਹਾਂ 'ਤੇ ਤਿਰੰਗੇ ਦਾ ਸਟਿੱਕਰ, ਦੇਖੋ ਵੀਡੀਓ
ਰੰਜਿਸ਼ ਤਹਿਤ ਅਗਵਾਅ ਕਰਕੇ ਕੀਤੀ ਕੁੱਟਮਾਰ : ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਮੂਰਤੀ ਪੁੱਤਰ ਭਗਤ ਰਾਮ ਵਾਸੀ ਚੰਦੇਲੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਆਪਣੇ ਗੁਆਂਢੀ ਅਰਮਿੰਦਰ ਸਿੰਘ ਨਾਲ ਕਾਰ ਖੜ੍ਹੀ ਕਰਨ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਉਸ ਝਗੜੇ ’ਚ ਅਰਮਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਘਰ ਆ ਕੇ ਗਾਲੀ ਗਲੋਚ ਕੀਤਾ ਸੀ। ਇਸ ਸਬੰਧੀ ਉਲ੍ਹਾਂਭਾ ਦੇਣ ਲਈ ਉਨ੍ਹਾਂ ਦਾ ਪੁੱਤਰ ਜਸਕਰਨ ਸਿੰਘ ਗੁਆਂਢੀਆਂ ਦੇ ਘਰ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਰੰਜਿਸ਼ ਦੇ ਤਹਿਤ ਅਰਮਿੰਦਰ ਸਿੰਘ ਨੇ ਆਪਣੇ ਨਾਲ ਚਾਰ-ਪੰਜ ਹੋਰ ਅਣਪਛਾਤੇ ਵਿਅਕਤੀਆਂ ਨੂੰ ਲੈ ਕੇ 4 ਅਪ੍ਰੈਲ ਨੂੰ ਉਨ੍ਹਾਂ ਦੇ ਪੁੱਤਰ ਜਸਕਰਨ ਨੂੰ ਉਸ ਵੇਲੇ ਪਿਸਤੌਲ ਦੀ ਨੋਕ ’ਤੇ ਅਗਵਾ ਕਰ ਲਿਆ।
ਕੁੱਟਮਾਰ ਦੀ ਵੀਡੀਓ ਕੀਤੀ ਵਾਇਰਲ : ਉਨ੍ਹਾਂ ਦੱਸਿਆ ਕਿ ਅਰਮਿੰਦਰ ਸਿੰਘ ਅਤੇ ਉਸ ਦੇ ਸਾਥੀ ਜਸਕਰਨ ਨੂੰ ਅਗਵਾ ਕਰਕੇ ਅਣਪਛਾਤੀ ਥਾਂ ’ਤੇ ਲੈ ਗਏ ਅਤੇ ਉੱਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਉਸ ਨੇ ਦੱਸਿਆ ਕਿ ਕੁੱਟਮਾਰ ਕਰਨ ਤੋਂ ਬਾਅਦ ਸ਼ਾਮ ਨੂੰ ਉਸ ਦੇ ਪੁੱਤਰ ਨੂੰ ਘਰ ਦੇ ਨਜ਼ਦੀਕ ਉਤਾਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਵਾਇਰਲ ਵੀਡੀਓ ਜਦੋਂ ਉਨ੍ਹਾਂ ਨੇ ਦੇਖ਼ੀ ਤਾਂ ਉਨ੍ਹਾਂ ਆਪਣੇ ਮੁੰਡੇ ਤੋਂ ਪੁੱਛ-ਪੜਤਾਲ ਕੀਤੀ, ਜਿਸ ਨੇ ਸਾਰੀ ਕਹਾਣੀ ਦੱਸ ਦਿੱਤੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਵਾਇਰਲ ਵੀਡੀਓ ਅਤੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉਨ੍ਹਾਂ ਲੜਕੇ ਦੇ ਬਿਆਨ ਲੈਣ ਲਈ ਥਾਣੇਦਾਰ ਦੀ ਡਿਊਟੀ ਲਗਾ ਦਿੱਤੀ ਹੈ। ਪੀੜਤ ਦਾ ਮੈਡੀਕਲ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।