ਹੁਸ਼ਿਆਰਪੁਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਗੜ੍ਹਸ਼ੰਕਰ ਦੇ ਪਿੰਡ ਥਾਣਾ (MP Manish Tiwari reached Garhshankar) ਪਹੁੰਚੇ। ਉਨ੍ਹਾਂ ਰਵਿਦਾਸ ਧਰਮਸ਼ਾਲਾ ਦੇ ਓਪਨ ਜਿੰਮ ਦੇ ਲਈ 2 ਲੱਖ ਰੁਪਏ ਦੀ ਗ੍ਰਾਂਟ ਪਿੰਡ ਵਾਸੀਆਂ ਨੂੰ ਦਿੱਤੀ। ਇਥੇ ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇਸ਼ ਦੀ ਹੋਂਦ ਬਚਾਉਣ ਲਈ ਲੜੀਆਂ ਜਾਣਗੀਆਂ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਰਿਹਾ ਹੋਣ ਉਤੇ ਬੋਲਦੇ ਕਿਹਾ ਕਿ ਉਨ੍ਹਾਂ ਨੇ 6 ਮਹੀਨੇ ਜੇਲ੍ਹ ਵਿੱਚ ਸੰਤਾਪ ਹੰਢਾਇਆ ਹੈ। ਉਨ੍ਹਾਂ ਦੀ ਸਿਹਤ ਠੀਕ ਰਹੇ ਅਤੇ ਉਹ ਦੇਸ਼ ਦੀ ਸੇਵਾ ਲਈ ਕੰਮ ਕਰਦੇ ਰਹਿਣ। ਸਾਬਕਾ ਮੁੱਖ ਮੰਤਰੀ ਚੰਨੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਉਤੇ ਲੱਗੇ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇ ਦਿੱਤਾ ਹੈ। ਹੁਣ ਕਿਸੇ ਹੋਰ ਦਾ ਉਸ ਗੱਲ ਉਤੇ ਕੁਝ ਕਹਿਣਾ ਬਾਕੀ ਨਹੀਂ ਰਹਿ ਗਿਆ।
ਇਸ ਮੌਕੇ ਸਾਂਸਦ ਮਨੀਸ਼ ਤਿਵਾੜੀ ਦੇ ਨਾਲ ਪੰਕਜ ਕਿਰਪਾਲ ਸੀਨੀਅਰ ਕਾਂਗਰਸ ਆਗੂ ਤੋਂ ਇਲਾਵਾ ਇਲਾਕੇ ਦੇ ਕਾਂਗਰਸ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਮਨੀਸ਼ ਤਿਵਾੜੀ ਸਾਂਸਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਪੰਜਾਬ ਦੀ ਜਨਤਾ ਨੇ ਇੱਕ ਵੱਡਾ ਬਦਲਾਅ ਲਿਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ। ਜਿਹੜੀ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈ ਹੈ।