ਹੁਸ਼ਿਆਰਪੁਰ: ਮਾਹਿਲਪੁਰ ਲਾਗਲੇ ਪਿੰਡ ਲੰਗੇਰੀ ਦੇ ਅਪ੍ਰੈਲ ਮਹੀਨੇ ਰੋਜ਼ੀ ਰੋਟੀ ਲਈ ਰੋਮਾਨੀਆ ਗਏ ਇਕ ਪੈਂਤੀ ਸਾਲਾ ਨੌਜਵਾਨ ਦੀ ਉੱਥੇ ਹੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਉਸਦਾ ਪਰਿਵਾਰ ਮ੍ਰਿਤਕ ਦੀ ਲਾਸ਼ ਭਾਰਤ ਮੰਗਵਾਉਣ ਦੇ ਲਈ ਜੱਦੋ ਜਹਿਦ ਕਰ ਰਿਹਾ ਸੀ। ਨੌਜਵਾਨ ਦੀ ਲਾਸ਼ ਉਡੀਕਦੇ ਪਰਿਵਾਰ ਨਾਲ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਗਿਆ ਜਦੋਂ ਪੁੱਤ ਦੀ ਲਾਸ਼ ਦੀ ਉਡੀਕ ਕਰਦੀ ਮਾਂ ਦੀ ਵੀ ਮੌਤ ਹੋ ਗਈ।
ਮਾਂ-ਪੁੱਤ ਦਾ ਇਕੱਠਿਆਂ ਦਾ ਕੀਤਾ ਸਸਕਾਰ ਨੌਜਵਾਨ ਦੀ ਮਾਂ ਦੀ ਵੀ ਮੌਤ ਹੋਣ ਨੂੰ ਲੈਕੇ ਪਰਿਵਾਰ ਸਮੇਤ ਪੂਰੇ ਪਿੰਡ ਦੇ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਵੇਰੇ ਮਾਂ ਦੀ ਮੌਤ ਹੋ ਗਈ ਤੇ ਕਰੀਬ ਦੁਪਹਿਰ 3 ਵਜੇ ਪੁੱਤ ਦੀ ਲਾਸ਼ ਪਿੰਡ ਪਹੁੰਚ ਗਈ। ਜਿਸ ਤੋਂ ਬਾਅਦ ਦੋਵਾਂ ਮਾਂ-ਪੁੱਤ ਦਾ ਇੱਕਠਿਆ ਸਸਕਾਰ ਕੀਤਾ ਗਿਆ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਤੀਹ ਅਪ੍ਰੈਲ ਨੂੰ ਉਨ੍ਹਾਂ ਨੇ ਆਪਣੇ ਲੜਕੇ ਨਾਲ ਵੀਡੀਓ ਕਾਲ ਕਰ ਕੇ ਗੱਲ ਕੀਤੀ ਤਾਂ ਸ਼ਾਮ ਨੂੰ ਏਜੰਟ ਦਾ ਫੋਨ ਆਇਆ ਕਿ ਕੁਲਦੀਪ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਬਾਅਦ ਏਜੰਟ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਤਾਂ ਉਹ ਹਲਫੀਆ ਬਿਆਨ ਦੇਣ। ਉਨ੍ਹਾਂ ਕਿਹਾ ਕਿ ਉਨ੍ਹਾਂ ਹਲਫੀਆ ਬਿਆਨ ਵੀ ਭੇਜ ਦਿੱਤਾ ਪਰ ਉਸਦੀ ਲਾਸ਼ ਭਾਰਤ ਨਹੀਂ ਪਹੁੰਚੀ।
ਇਸ ਤੋਂ ਬਾਅਦ ਜੱਦੋਜਹਿਦ ਕਰ ਰਹੇ ਪਰਿਵਾਰ ਦੇ ਵੱਲੋਂ ਸਿਆਸੀ ਆਗੂਆਂ ਕੋਲ ਪਹੁੰਚ ਕੀਤੀ ਗਈ ਕਿ ਉਨ੍ਹਾਂ ਦੇ ਮੈਂਬਰ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਜਿਸ ਤੋਂ ਬਾਅਦ ਸਿਆਸੀ ਆਗੂਆਂ ਦੀ ਦਖਲ ਅੰਦਾਜ਼ੀ ਤੋਂ ਬਾਅਦ ਕਰੀਬ 4 ਮਹੀਨਿਆਂ ਦੇ ਬਾਅਦ ਨੌਜਵਾਨ ਦੀ ਲਾਸ਼ ਪਿੰਡ ਪਹੁੰਚ ਸਕੀ ਪਰ ਪੁੱਤ ਦਾ ਮੂੰਹ ਦੇਖਣ ਦੀ ਉਡੀਕ ਕਰਦੀ ਮਾਂ ਉਸਦੇ ਲਾਸ਼ ਆਉਣ ਤੋਂ ਪਹਿਲਾਂ ਖੁਦ ਵੀ ਚੱਲ ਵਸੀ ਜਿਸ ਕਰਕੇ ਦੋਵਾਂ ਦਾ ਇਕੱਠਿਆਂ ਦਾ ਹੀ ਸਸਕਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜ਼ਮੀਨੀ ਵਿਵਾਦ ਨੂੰ ਲੈਕੇ ਬਜ਼ੁਰਗ ਔਰਤ ਦਾ ਕਤਲ