ਹੁਸ਼ਿਆਰਪੁਰ: ਕੋਰੋਨਾ ਵਾਇਰਸ ਕਾਰਨ ਦੇਸ਼-ਭਰ 'ਚ ਲੌਕਡਾਊਨ ਤੇ ਪੰਜਾਬ ਵਿੱਚ ਕਰਫਿਊ ਦੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਸਾਰੇ ਜਨਤਕ, ਕਾਰੋਬਾਰ ਤੇ ਸਿੱਖਿਅਕ ਅਦਾਰੇ ਬੰਦ ਹਨ। ਕਰਫਿਊ ਕਾਰਨ ਜਿੱਥੇ ਪੰਜਾਬ ਦੀ ਇੰਡਸਟਰੀ ਠੱਪ ਹੋ ਗਈ ਹੈ ਉੱਥੇ ਹੀ ਇੰਡਸਟਰੀ 'ਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਦੀ ਆਮਦਨ ਦੇ ਰਾਹ ਵੀ ਬੰਦ ਹੋ ਗਏ ਹਨ ਜਿਸ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਿਹਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਵਾਪਸ ਬਿਹਾਰ ਭੇਜਿਆ ਜਾਵੇ।
ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਹ ਇੱਥੇ ਇੰਡਸਟਰੀ 'ਚ ਕੰਮ ਕਰਦੇ ਹਨ ਇੰਡਸਟਰੀ ਦੇ ਕੰਮ ਕਾਰ ਠੱਪ ਹੋਣ ਨਾਲ ਉਹ ਇੱਥੇ ਵੇਲੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਤੇ ਬਿਹਾਰ ਰਹਿੰਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜਣ ਲਈ ਰਜਿਸਟੇਸ਼ਨ ਕੀਤੀ ਜਾ ਰਹੀ ਹੈ ਪਰ ਰਜਿਸਟੇਸ਼ਨ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇੱਥੇ 150 ਪ੍ਰਵਾਸੀ ਮਜ਼ਦੂਰ ਹਨ ਜੋ ਬਿਹਾਰ ਜਾਣਾ ਚਾਹੁੰਦੇ ਹਨ।