ਹੁਸ਼ਿਆਰਪੁਰ :ਗੜ੍ਹਸ਼ੰਕਰ ਦੀ ਸਬਜ਼ੀ ਮੰਡੀ ਵਿੱਚ ਮਾਰਕੀਟ ਫ਼ੀਸ ਦੀ ਹੋ ਰਹੀ ਵੱਡੀ ਪੱਧਰ ਚੋਰੀ ਅਤੇ ਹੋਰ ਘੁਟਾਲਿਆਂ ਨੂੰ ਉਜਾਗਰ ਕਰਨ ਵਾਲੇ ਸਬਜ਼ੀ ਮੰਡੀ ਗੜ੍ਹਸ਼ੰਕਰ ਦੇ ਉਪ ਪ੍ਰਧਾਨ ਕਾਹਨ ਚੰਦ ਨੇ ਇਨ੍ਹਾਂ ਘੋਟਾਲਿਆਂ ਤੋਂ ਤੰਗ ਆ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਸਬਜ਼ੀ ਮੰਡੀ ਗੜ੍ਹਸ਼ੰਕਰ ਦੇ ਪ੍ਰਧਾਨ ਜਸਬੀਰ ਸਿੰਘ ਨੂੰ ਸੋਂਪ ਦਿੱਤਾ।
ਇਸ ਮੌਕੇ ਕਾਹਨ ਚੰਦ ਨੇ ਦੱਸਿਆ ਕਿ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਵੱਡੀ ਪੱਧਰ 'ਤੇ ਮਾਰਕੀਟ ਫੀਸ ਦੀ ਚੋਰੀ ਅਤੇ ਹੋਰ ਕਈ ਤਰ੍ਹਾਂ ਦੇ ਵੱਡੇ ਘੁਟਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਉਹ ਸਾਰਾ ਮਾਮਲਾ ਕਈ ਵਾਰ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਅਧਿਕਾਰੀਆਂ ਤੇ ਸਰਕਾਰ ਦੇ ਨੁਮਾਇੰਦਿਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਉਸ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।
ਕਾਹਨ ਚੰਦ ਨੇ ਦੱਸਿਆ ਕਿ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਮਿਲੀਭੁਗਤ ਨਾਲ ਵੱਡੀ ਪੱਧਰ ਉੱਤੇ ਮਾਰਕੀਟ ਫੀਸ ਦੀ ਚੋਰੀ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ। ਪਰ ਸਬੰਧਤ ਵਿਭਾਗ ਕਾਰਵਾਈ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।