ਹੁਸ਼ਿਆਰਪੁਰ: ਪੁਲਿਸ ਨੇ ਮਾਹਿਲਪੁਰ-ਊਨਾ ਸੜਕ 'ਤੇ ਪਿੰਡ ਭੁੱਲੇਵਾਲ ਗੁੱਜਰਾਂ ਨਜ਼ਦੀਕ ਇੱਕ ਸੁੰਨਸਾਨ ਥਾਂ ਉੱਤੇ ਨੰਗਲ ਖ਼ਾਦ ਫ਼ੈਕਟਰੀ ਤੋਂ 6 ਟਰੱਕਾਂ ਵਿੱਚ ਭਰ ਕੇ ਆਈਆਂ ਯੂਰੀਆਂ ਦੀਆਂ 800 ਬੋਰੀਆਂ ਨੂੰ ਕਾਬੂ ਕੀਤਾ ਹੈ। ਦੋ ਟਰੱਕ ਅਤੇ ਦੋ ਛੋਟੀਆਂ ਗੱਡੀਆਂ ਪੁਲਿਸ ਨੂੰ ਚਕਮਾ ਦੇ ਫ਼ਰਾਰ ਹੋ ਗਈਆਂ। ਪੁਲਿਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।
ਫੜੇ ਗਏ ਟਰੱਕ ਚਾਲਕਾਂ ਦੀ ਪਹਿਚਾਣ ਰਾਜੇਸ਼ ਕੁਮਾਰ, ਰਮਨ ਕੁਮਾਰ, ਬਲਕਾਰ ਸਿੰਘ, ਦਲੀਪ ਕੁਮਾਰ, ਨਵੀਨ ਕੁਮਾਰ ਅਤੇ ਕਿਸ਼ਨ ਕੁਮਾਰ ਵਜੋਂ ਹੋਈ ਹੈ। ਟਰੱਕ ਚਾਲਕ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਗੱਡੀਆਂ ਵਿੱਚ 1200 ਬੋਰੀਆਂ ਯੂਰੀਆਂ ਦੀਆਂ ਲੱਦ ਕੇ ਮਾਹਿਲਪੁਰ ਆਏ ਸਨ, ਪਰੰਤੂ ਉਨ੍ਹਾਂ ਨੂੰ ਮਿਲੇ ਬਿੱਲਾਂ ਉੱਪਰ ਕਿਸੇ ਵੀ ਦੁਕਾਨ ਜਾਂ ਡੀਲਰ ਦਾ ਨਾਂਅ ਨਹੀਂ ਸੀ।
ਮਾਹਿਲਪੁਰ ਪੁਲਿਸ ਨੇ ਨੰਗਲ ਤੋਂ ਯੂਰੀਆ ਖਾਦ ਦੀਆਂ 800 ਬੋਰੀਆਂ ਲੈ ਕੇ ਆਏ 6 ਟਰੱਕ ਕੀਤੇ ਜ਼ਬਤ ਬਲਰਾਜ ਸਿੰਘ ਨੇ ਦੱਸਿਆ ਕਿ ਜਦੋਂ ਉਹ ਟਰੱਕ ਲੈ ਕੇ ਇਥੇ ਪੁੱਜੇ ਅਤੇ ਇਸ ਇਲਾਕੇ ਦੇ ਹੋਲਸੇਲ ਡੀਲਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇੱਥੇ ਜਲੰਧਰ ਤੋਂ ਹੋਰ ਗੱਡੀਆਂ ਆਈਆਂ ਹੋਈਆਂ ਹਨ, ਉਨ੍ਹਾਂ ਵਿਚ ਬੋਰੀਆਂ ਲੱਦ ਦਿਓ। ਉਪਰੰਤ ਉਹ ਯੂਰੀਆ ਲੱਦ ਹੀ ਰਹੇ ਸਨ ਕਿ ਪੁਲਿਸ ਨੇ ਆ ਕੇ ਕਾਬੂ ਕਰ ਲਿਆ। ਇਸੇ ਦੌਰਾਨ ਦੋ ਟਰੱਕ ਅਤੇ ਦੋ ਛੋਟੀਆਂ ਗੱਡੀਆਂ ਮੌਕੇ ਤੋਂ ਫ਼ਰਾਰ ਹੋ ਗਈਆਂ।
ਮਾਮਲੇ ਬਾਰੇ ਥਾਣੇਦਾਰ ਸ਼ਾਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਨੰਗਲ ਤੋਂ ਟਰੱਕਾਂ ਵਿੱਚ ਯੂਰੀਆ ਖ਼ਾਦ ਦੀਆਂ ਬੋਰੀਆਂ ਲੱਦ ਕੇ ਇਥੇ ਪੁੱਜਣ ਦੀ ਸੂਚਨਾ ਮਿਲੀ ਸੀ ਕਿ ਨੂਰਪੁਰ ਸੜਕ ਨਜ਼ਦੀਕ ਖਾਦ ਨੂੰ ਹੋਰ ਟਰੱਕਾਂ ਵਿੱਚ ਲੱਦਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਗੱਡੀਆਂ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਦੌਰਾਨ ਜੇ ਸਭ ਕੁੱਝ ਸਹੀ ਪਾਇਆ ਜਾਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਪੁਲਿਸ ਸਖ਼ਤ ਕਾਰਵਾਈ ਅਮਲ ਵਿੱਚ ਲਿਆਵੇਗੀ।